ਗੌਰਵ ਕੁਮਾਰ ਸਲੂਜਾ, ਲੁਧਿਆਣਾ

ਬਿਜਲੀ ਕਾਮਿਆਂ ਦੀ ਲਾਪਰਵਾਹੀ ਕਾਰਨ ਬੀਤੇ ਸਾਲਾਂ ਦੌਰਾਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਜਦਕਿ ਇਸ ਤੋਂ ਬਾਅਦ ਵੀ ਬਿਜਲੀ ਕਾਮਿਆਂ ਨੇ ਸਬਕ ਸਿੱਖਣ ਦੀ ਬਜਾਏ ਲਾਪਰਵਾਹੀ ਤੇ ਅਣਗਹਿਲੀ ਦਾ ਪੱਲਾ ਨਹੀਂ ਛੱਡਿਆ।

ਇਸੇ ਹੀ ਤਰ੍ਹਾਂ ਦਾ ਮਾਮਲਾ ਲੁਧਿਆਣਾ ਦੇ ਕਿਦਵਾਈ ਨਗਰ ਨੇੜੇ ਅਮਰਪੁਰਾ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਲਾਕੇ ਦੀਆਂ ਗਲੀਆਂ ਵਿਚ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਜ਼ਮੀਨ ਤੋਂ 4 ਤੋਂ 5 ਫੁੱਟ ਉੱਚੀਆਂ ਲਮਕ ਰਹੀਆਂ ਹਨ ਤੇ ਤਾਰਾਂ ਦੇ ਨੰਗੇ ਜੋੜ ਲਟਕ ਰਹੇ ਹਨ ਜੋ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ।

ਮੌਕੇ 'ਤੇ ਮੌਜੂਦ ਇਲਾਕਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿਜਲੀ ਮਹਿਕਮੇ ਦੇ ਮੁਲਾਜ਼ਮ ਅਕਸਰ ਇੱਥੋਂ ਲੰਘਦੇ ਰਹਿੰਦੇ ਹਨ ਅਤੇ ਇਹ ਸਭ ਕੁਝ ਦੇਖਦੇ ਹੋਏ ਵੀ ਇਸ ਨੂੰ ਅਣਦੇਖਾ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਥੇ ਹਰ 2 ਮਹੀਨਿਆਂ ਬਾਅਦ ਮੀਟਰ ਰੀਡਰ ਬਿਜਲੀ ਦਾ ਬਿੱਲ ਵੀ ਕੱਢਣ ਆਉਂਦਾ ਹੈ। ਇਲਾਕਾ ਨਿਵਾਸੀਆਂ ਵੱਲੋਂ ਇਸ ਸਬੰਧੀ ਉਨ੍ਹਾਂ ਨੂੰ ਵੀ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਪਾਵਰਕਾਮ ਅਫਸਰਾਂ ਦੇ ਸਿਰ 'ਤੇ ਜੂੰ ਨਹੀਂ ਰੀਂਘ ਰਹੀ।

ਉਨ੍ਹਾਂ ਅੱਗੇ ਦੱਸਿਆ ਕਿ ਤਾਰਾਂ ਦੇ ਨੰਗੇ ਜੋੜ, ਮਕਾਨ ਦੀ ਕੰਧ ਦੇ ਨਾਲ ਲੱਗੇ ਹੋਏ ਹਨ। ਬਰਸਾਤ ਦੇ ਦਿਨਾਂ ਵਿਚ ਕਈ ਵਾਰ ਮਕਾਨਾਂ ਦੀਆ ਕੰਧਾਂ 'ਤੇ ਤਾਰਾਂ ਗੀਲੀਆ ਹੋਣ ਕਾਰਨ ਕਰੰਟ ਆ ਚੁੱਕਾ ਹੈ। ਹੈਰਾਨੀ ਦੀ ਗੱਲ ਤਾਂ ਇਹ ਦੇਖਣ ਨੂੰ ਮਿਲੀ ਕਿ ਲਟਕ ਰਹੀਆਂ ਤਾਰਾਂ ਤੇ ਨੰਗੇ ਜੋੜ ਦੇ ਕੋਲ ਸਕੂਲ ਵੀ ਹੈ।

ਜੇਈ ਦਾ ਪ੍ਰਗਟਾਵਾ

ਇਲਾਕੇ ਦੇ ਜੇਈ ਦਲਜੀਤ ਸਿੰਘ ਚੀਮਾ ਮੁਤਾਬਕ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਨਾ ਹੀ ਇਸ ਸਬੰਧੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਮਿਲੀ ਹੈ। ਉਹ ਆਪਣੀ ਟੀਮ ਮੌਕੇ 'ਤੇ ਭੇਜਣਗੇ। ਇਹ ਨੁਕਸ ਛੇਤੀ ਦੂਰ ਕੀਤੇ ਜਾਣਗੇ।