ਗੌਰਵ ਕੁਮਾਰ ਸਲੂਜਾ, ਲੁਧਿਆਣਾ

ਬਿਜਲੀ ਨਿਗਮ ਦੇ ਫੋਕਲ ਪੁਆਇੰਟ ਮੰਡਲ ਵਿਖੇ ਪੈਂਸ਼ਨਰਜ ਅਤੇ ਮੁਲਾਜਮ ਤਾਲਮੇਲ ਕਮੇਟੀ ਦੇ ਸੱਦੇ ਉੱਤੇ ਬਿਜਲੀ ਕਾਮਿਆਂ ਨੇ ਮੈਨੇਜਮੈਂਟ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ।

ਦੋਵਾਂ ਸਰਕਾਰਾਂ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਵਿਰੋਧੀ ਬਣੇ ਕਾਨੂੰਨਾਂ ਦੀ ਪੁਰਜੋਰ ਨਿਖੇਧੀ ਕੀਤੀ ਤੇ ਇਨ੍ਹਾਂ ਕਾਨੂੰਨਾਂ ਦੇ ਨਾਲ ਨਾਲ ਆਮ ਜਨਤਾ ਲਈ ਸੱਭ ਤੋਂ ਮਾਰੂ ਸਾਬਿਤ ਹੋਣ ਵਾਲੇ ਬਿਜਲੀ ਬਿੱਲ 2020 ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਨਵੇਂ ਮੁਲਾਜਮਾਂ ਨੂੰ ਪੁਰਾਣੀ ਪੈਂਸ਼ਨ ਸਕੀਮ, ਯੂਨਿਟਾਂ ਵਿੱਚ ਮੁਆਫੀ ਅਤੇ ਬੰਦ ਕੀਤੀਆਂ ਡੀਏ ਦੀਆਂ ਕਿਸਤਾਂ ਬਹਾਲ ਕਰਨ ਦੀ ਮੰਗ ਕੀਤੀ ਗਈ। ਨਵੇਂ ਪੇਅ-ਕਮਿਸ਼ਨ 1 ਜਨਵਰੀ 2016 ਤੋਂ ਸਕੇਲ ਜਾਰੀ ਕਰਨ ਅਤੇ ਬੰਦ ਕੀਤੇ ਗਏ ਥਰਮਲ ਪਲਾਂਟਾ ਨੂੰ ਮੁੜ ਚਾਲੂ ਕਰਨ ਦੀ ਮੰਗ ਵੀ ਕੀਤੀ ਗਈ। ਸਰਕਾਰੀ ਮਹਿਕਮਿਆਂ ਦੀ ਜਮੀਨਾਂ ਵੇਚਣੀਆਂ ਵੀ ਬੰਦ ਕਰਨ ਦੀ ਮੰਗ ਰੱਖੀ ਗਈ। ਇਸ ਮੌਕੇ ਸਾਥੀ ਜਗੀਰ ਸਿੰਘ, ਇੰਦਰਜੀਤ ਸਿੰਘ, ਰਘਵੀਰ ਸਿੰਘ, ਬਲਵਿੰਦਰ ਸਿੰਘ ਬਾਜਵਾ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਗੁਰਪ੍ਰਰੀਤ ਸਿੰਘ ਮਹਿਦੂਦਾਂ ਅਤੇ ਹਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।