ਗੌਰਵ ਕੁਮਾਰ ਸਲੂਜਾ, ਲੁਧਿਆਣਾ : ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਨੇ ਬੀਐੱਸਐੱਫ ਨੂੰ 50 ਕਿਲੋਮੀਟਰ ਦੇ ਦਾਇਰੇ 'ਚ ਨਿਗਰਾਨੀ ਕਰਨ ਦੇ ਦਿੱਤੇ ਗਏ ਅਧਿਕਾਰਾਂ 'ਤੇ ਸਿਆਸੀ ਦਲਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਅਤੇ ਗੁਜਰਾਤ 'ਚ ਬੀਐੱਸਐੱਫ ਪਹਿਲਾਂ ਹੀ 50 ਕਿਲੋਮੀਟਰ ਦੇ ਦਾਇਰੇ 'ਚ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਵੱਲੋਂ ਬੀਐੱਸਐੱਫ ਰਾਹੀਂ ਪੰਜਾਬ 'ਤੇ ਕਬਜ਼ਾ ਕਰਨ ਦੇ ਦਿੱਤੇ ਜਾ ਰਹੇ ਬਿਆਨ ਕੋਰਾ ਝੂਠ ਹਨ। ਉਨ੍ਹਾਂ ਕਿਹਾ ਕਿ ਬੀਐੱਸਐੱਫ ਨੂੰ ਨਿਗਰਾਨੀ ਦੇ ਅਧਿਕਾਰ ਦੇਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਬਲਿਕ ਇਸ ਤੋਂ ਪਹਿਲਾਂ ਵੀ ਕੇਂਦਰ 'ਚ ਰਹੀ ਕਾਂਗਰਸ ਦੀ ਸਰਕਾਰ ਨੇ ਪਹਿਲੀ ਵਾਰ 22 ਸਤੰਬਰ 1969 ਨੂੰ ਅਤੇ ਦੂਜੀ ਵਾਰ 11 ਜੂਨ 2012 ਨੂੰ ਇਹ ਜ਼ਿੰਮੇਵਾਰੀ ਬੀਐੱਸਐੱਫ ਨੂੰ ਸੌਂਪੀ ਸੀ।