v> ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੀ ਨਵੀਂ ਅਨਾਜ ਮੰਡੀ ਵਿਖੇ ਅੱਜ ਨਸ਼ਾ ਤਸਕਰਾਂ ਤੇ ਪੁਲਿਸ ਦੀ ਤਕਰਾਰ ਤੋਂ ਬਾਅਦ ਨਸ਼ਾ ਤਸਕਰਾਂ ਦੀ ਅੰਨ੍ਹੇਵਾਹ ਫਾਇਰਿੰਗ ਨਾਲ ਥਾਣੇਦਾਰ ਦੀ ਮੌਕੇ 'ਤੇ ਜਦ ਕਿ ਉਸ ਦੇ ਨਾਲ ਮੁਲਾਜ਼ਮ ਨੇ ਸਿਵਲ ਹਸਪਤਾਲ ਵਿਚ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਇਕੱਠੇ ਹੋਏ ਨਸ਼ਾ ਤਸਕਰਾਂ ਦੀ ਸੂਹ ਮਿਲਣ 'ਤੇ ਸੀਆਈਏ ਦੇ ਥਾਣੇਦਾਰ ਭਗਵਾਨ ਸਿੰਘ ਅਤੇ ਪੁਲਿਸ ਮੁਲਾਜ਼ਮ ਦਲਵਿੰਦਰ ਸਿੰਘ ਮੌਕੇ ’ਤੇ ਪਹੁੰਚੇ। ਇਸ ਦੌਰਾਨ ਨਸ਼ਾ ਤਸਕਰ ਮੰਡੀ ਵਿਚ ਇਕ ਕੈਂਟਰ ਤੋਂ ਕੁਝ ਬੈਗ ਉਤਾਰ ਕੇ ਕਾਰ ਵਿਚ ਸ਼ਿਫਟ ਕਰ ਰਹੇ ਸਨ। ਥਾਣੇਦਾਰ ਅਤੇ ਮੁਲਾਜ਼ਮ ਦੀ ਨਸਾ ਤਸਕਰਾਂ ਨਾਲ ਗੱਲਬਾਤ ਤੋਂ ਬਾਅਦ ਤਕਰਾਰ ਹੋ ਗਈ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਰਿਵਾਲਵਰ ਕੱਢਿਆ ਅਤੇ ਥਾਣੇਦਾਰ ਵੱਲ ਨੂੰ ਫਾਇਰ ਕਰ ਦਿੱਤੇ। ਦੂਸਰਾ ਮੁਲਾਜ਼ਮ ਭੱਜਣ ਲੱਗਾ ਤਾਂ ਉਸ 'ਤੇ ਵੀ ਫਾਇਰ ਕੀਤਾ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜੇ ਹੀ ਕ੍ਰਿਕਟ ਖੇਡ ਰਹੇ ਨੌਜਵਾਨ ਵੀਡੀਓ ਬਣਾਉਣ ਲੱਗੇ ਤਾਂ ਨਸ਼ਾ ਤਸਕਰਾਂ ਨੇ ਉਨ੍ਹਾਂ ਵੱਲ ਨੂੰ ਵੀ ਫਾਇਰ ਕੀਤਾ ਪਰ ਫਾਇਰ ਕਿਸੇ ਦੇ ਨਹੀਂ ਲੱਗਾ, ਇਸ ਦੇ ਨਾਲ ਨਸ਼ਾ ਤਸਕਰ, ਇਕ ਕੈਂਟਰ ਅਤੇ ਕਾਰ ਸਮੇਤ ਫਰਾਰ ਹੋ ਗਏ। ਘਟਨਾ ਸੱਥਲ 'ਤੇ ਜ਼ਿਲ੍ਹੇ ਦੇ ਉਚ ਅਧਿਕਾਰੀ ਮੌਕੇ ’ਤੇ ਪਹੁੰਚੇ।

Posted By: Susheel Khanna