ਐੱਸਪੀ ਜੋਸ਼ੀ, ਲੁਧਿਆਣਾ : ਬੀਤੇ ਕਈ ਮਹੀਨਿਆਂ ਤੋਂ ਸੁਰਖੀਆਂ ਵਿਚ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਦਰਜ ਜਬਰ-ਜਨਾਹ ਮਾਮਲੇ ’ਚ ਲੁਧਿਆਣਾ ਪੁਲਿਸ ਨੇ ਦੇਰ ਸ਼ਾਮ ਉਨ੍ਹਾਂ ਦੇ ਦਫ਼ਤਰ ਪੁੱਜ ਕੇ ਪੜਤਾਲ ਕੀਤੀ। ਆਹਲਾ ਅਧਿਕਾਰੀਆਂ ਦੀ ਅਗਵਾਈ ’ਚ ਪੁੱਜੀ ਪੁਲਿਸ ਪਾਰਟੀ ਨਾਲ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ ਲਾਉਣ ਵਾਲੀ ਪੀੜਤ ਔਰਤ ਵੀ ਗਈ ਸੀ।

ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਵੱਲੋਂ ਜਬਰ-ਜਨਾਹ ਦੇ ਦੋਸ਼ ਲਾਏ ਪਿੱਛੋਂ ਵਿਧਾਇਕ ਬੈਂਸ ਖ਼ਿਲਾਫ਼ ਅਦਾਲਤੀ ਹੁਕਮਾਂ ’ਤੇ ਪਰਚਾ ਦਰਜ ਹੋਣ ਪਿੱਛੋਂ ਕਾਫੀ ਦੇਰ ਮਾਮਲਾ ਠੰਢੇ ਬਸਤੇ ’ਚ ਪਿਆ ਰਿਹਾ।ਮੰਗਲਵਾਰ ਦੇਰ ਸ਼ਾਮ ਅਚਾਨਕ ਪੁਲਿਸ ਪਾਰਟੀ ਵੱਲੋਂ ਬੈਂਸ ਦੇ ਦਫ਼ਤਰ ਜਾ ਕੇ ਉਸ ਕਮਰੇ ਦੀ ਪੜਤਾਲ ਕੀਤੀ ਗਈ ਜਿਸ ਕਮਰੇ ਦਾ ਪੀੜਤ ਔਰਤ ਵੱਲੋਂ ਹਵਾਲਾ ਦਿੱਤਾ ਗਿਆ ਸੀ। ਪੀੜਤਾ ਮੁਤਾਬਕ ਉਸ ਦਾ ਕੰਮ ਕਰਵਾਉਣ ਬਦਲੇ ਦਫ਼ਤਰ ’ਚ ਸੱਦ ਕੇ ਉਸ ਨੂੰ ਛੋਟੇ ਕਮਰੇ ’ਚ ਲਿਜਾ ਕੇ ਜਬਰ-ਜਨਾਹ ਅੰਜਾਮ ਦਿੱਤਾ ਸੀ। ਜਾਣਕਾਰੀ ਮੁਤਾਬਕ ਪੁਲਿਸ ਨੇ ਬੈਂਸ ਦੇ ਦਫ਼ਤਰ ਤੋਂ ਇਲਾਵਾ ਪਰਚੇ ’ਚ ਨਾਮਜ਼ਦ ਕੀਤੀ ਗਈ ਇਕ ਹੋਰ ਔਰਤ ਜਸਬੀਰ ਕੌਰ ਦੇ ਘਰ ਜਾ ਕੇ ਵੀ ਜਾਂਚ ਕੀਤੀ। ਦੱਸਣਯੋਗ ਹੈ ਕਿ ਵਾਇਰਲ ਹੋਈ ਆਡੀਓ ਵਿਚ ਪੀੜਤਾ ਨਾਲ ਜਸਬੀਰ ਕੌਰ ਨੇ ਗੱਲਬਾਤ ਕਰਦਿਆਂ ਬੈਂਸ ਦੇ ਦਫ਼ਤਰ ਜਾਣ ਦਾ ਦਬਾਅ ਬਣਾਇਆ ਸੀ ਅਤੇ ਕਈ ਵਾਰ ‘ਭਾਬੀ’ ਸ਼ਬਦ ਨਾਲ ਉਸ ਦਾ ਜ਼ਿਕਰ ਵੀ ਹੋਇਆ।

Posted By: Jatinder Singh