‘ਪੁਲਿਸੇ ਇਨਸਾਫ਼ ਕਰੀਂ ਉਹ ਤਾਂ ਜਿਊਂਦੇ ਨਹੀਂ ਜੋ ਸੱਚ ਦੱਸਣਗੇ’
‘ਪੁਲਿਸੇ ਇਨਸਾਫ਼ ਕਰੀਂ ਉਹ ਤਾਂ ਜਿਊਂਦੇ ਨਹੀਂ ਜੋ ਸੱਚ ਦੱਸਣਗੇ’
Publish Date: Mon, 08 Dec 2025 08:59 PM (IST)
Updated Date: Tue, 09 Dec 2025 04:18 AM (IST)

-ਕਾਰ ਹਾਦਸੇ ’ਚ ਜਾਨ ਗੁਆਉਣ ਵਾਲੇ ਦੋਸਤਾਂ ਦੇ ਮਾਪਿਆਂ ਦੀ ਅਪੀਲ -ਇਹ ਸੜਕ ਹਾਦਸਾ ਨਹੀਂ, ਕੋਈ ਘਟਨਾ ਜਾਪਦੀ ਹੈ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਬੀਤੀ ਦੇਰ ਰਾਤ ਲੁਧਿਆਣਾ ਦੇ ਲਾਡੋਵਾਲ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿਚ ਜਗਰਾਓਂ ਦੇ ਤਿੰਨ ਨੌਜਵਾਨਾਂ ਸਮੇਤ ਪੰਜਾਂ ਦੀ ਹੋਈ ਦਰਦਨਾਕ ਮੌਤ ’ਤੇ ਪਰਿਵਾਰਾਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਹ ਹਾਦਸਾ ਨਹੀਂ, ਕੋਈ ਵਾਰਦਾਤ ਜਾਪਦੀ ਹੈ। ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਚ ਸੱਚਾਈ ਸਾਹਮਣੇ ਲਿਆ ਕੇ ਇਨਸਾਫ ਕਰਨ, ਕਿਉਂਕਿ ਹੁਣ ਸੱਚ ਦੱਸਣ ਵਾਲੇ ਪੰਜੇ ਤਾਂ ਜਿਉਂਦੇ ਨਹੀਂ ਰਹੇ। ਵਰਣਨਯੋਗ ਹੈ ਕਿ ਬੀਤੀ ਰਾਤ ਲਾਡੋਵਾਲ ਟੋਲ ਪਲਾਜ਼ੇ ਨੇੜੇ ਵਾਪਰੇ ਇੱਕ ਹਾਦਸੇ ਵਿਚ ਕਾਰ ਸਵਾਰ ਤਿੰਨ ਨੌਜਵਾਨਾਂ ਤੇ ਦੋ ਕੁੜੀਆਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੇ ਸ਼ਰੀਰ ਨਾਲੋਂ ਸਿਰ ਸਮੇਤ ਕਈ ਅੰਗ ਵੱਖ ਹੋ ਗਏ। ਜਿਸ ਨੂੰ ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਇਸ ਹਾਦਸੇ ਵਿਚ ਮਾਰੇ ਗਏ ਤਿੰਨੋਂ ਨੌਜਵਾਨ ਜਗਰਾਓਂ ਦੇ ਅਗਵਾੜ ਕੋਠੇ ਖੰਜੂਰਾਂ ਅਤੇ ਮੁਹੱਲਾ ਅਜੀਤ ਨਗਰ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚ ਦੋ ਨੌਜਵਾਨ ਆਪਸ ਵਿਚ ਚਾਚੇ-ਤਾਏ ਦੇ ਪੁੱਤ ਸਨ। ਇਸ ਸੜਕ ਹਾਦਸੇ ਵਿਚ ਸਤਪਾਲ ਸਿੰਘ, ਉਸਦਾ ਚਚੇਰਾ ਭਰਾ ਵੀਰੂ ਵਾਸੀ ਕੋਠੇ ਖੰਜੂਰਾਂ ਅਤੇ ਸਿਮਰਨਜੀਤ ਸਿੰਘ ਵਾਸੀ ਅਜੀਤ ਨਗਰ ਜਗਰਾਓਂ ਦੀ ਮੌਤ ਹੋ ਗਈ। ਇਹ ਤਿੰਨੋਂ ਬਚਪਨ ਦੇ ਦੋਸਤ ਸਨ, ਜੋ ਬੀਤੀ ਸ਼ਾਮ ਆਪਣੇ ਪਰਿਵਾਰ ਨੂੰ ਲੁਧਿਆਣਾ ਸ਼ਾਪਿੰਗ ਕਰਨ ਲਈ ਜਾ ਰਹੇ ਹਨ ਕਹਿ ਕੇ ਗਏ ਸਨ। ਦੇਰ ਰਾਤ ਲੁਧਿਆਣਾ ਪੁਲਿਸ ਵੱਲੋਂ ਹਾਦਸੇ ਦੀ ਸੂਚਨਾ ਦਿੱਤੀ ਗਈ ਤੇ ਜਦੋਂ ਪਰਿਵਾਰ ਲੁਧਿਆਣਾ ਪੁੱਜਾ ਤਾਂ ਲਾਸ਼ਾ ਦੇਖ ਕੇ ਦੰਗ ਰਹਿ ਗਏ। ਇਸ ਦੌਰਾਨ ਪਰਿਵਾਰਕ ਮੈਂਬਰ ਗਗਨਦੀਪ ਸਿੰਘ, ਅਵਤਾਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਹਾਦਸਾ ਵਾਪਰਿਆ ਹੈ, ਉਸ ਤੋਂ ਇਹ ਲੱਗ ਰਿਹਾ ਹੈ ਕਿ ਇਹ ਸੜਕ ਹਾਦਸਾ ਨਹੀਂ, ਕੋਈ ਵਾਰਦਾਤ ਹੈ। ਪੁਲਿਸ ਚਾਹੇ ਇਸ ਨੂੰ ਸੜਕ ਹਾਦਸਾ ਦੱਸ ਰਹੀ ਹੈ ਪਰ ਉਨ੍ਹਾਂ ਦਾ ਮਨ ਇਹ ਮੰਨਣ ਨੂੰ ਤਿਆਰ ਨਹੀਂ। ਹੁਣ ਕਾਰ ਸਵਾਰ ਪੰਜਾਂ ਵਿਚੋਂ ਕੋਈ ਵੀ ਜਿਉਂਦਾ ਤਾਂ ਹੈ ਨਹੀਂ, ਜੋ ਸੱਚ ਦੱਸ ਸਕੇ ਪਰ ਪੁਲਿਸ ਜ਼ਰੂਰ ਸਚਾਈ ਸਾਹਮਣੇ ਲਿਆ ਕੇ ਉਨ੍ਹਾਂ ਨਾਲ ਇਨਸਾਫ ਕਰੇ।