ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਾਰਕਾਂ 'ਚ ਤੜਕੇ ਸੈਰ ਕਰਨ ਵਾਲੇ ਸ਼ਹਿਰੀਆਂ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਸ਼ੁੱਕਰਵਾਰ ਤੜਕੇ ਲੁਧਿਆਣਾ ਦੀਆਂ ਮੁੱਖ ਪਾਰਕਾਂ ਵਿੱਚ ਗਏ। ਪੁਲਿਸ ਕਮਿਸ਼ਨਰ ਦੇ ਨਾਲ ਡੀਸੀਪੀ ਅਸ਼ਵਨੀ ਕਪੂਰ, ਏਸੀਪੀ ਜਤਿੰਦਰਜੀਤ ਸਿੰਘ ਤੇ ਏਸੀਪੀ ਵਰਿਆਮ ਸਿੰਘ ਵੀ ਮੌਜੂਦ ਸਨ। ਇਸ ਮੌਕੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸੈਰ ਕਰਨ ਵਾਲੇ ਸ਼ਹਿਰੀਆਂ ਨਾਲ ਗੱਲਬਾਤ ਕੀਤੀ। ਸਵੇਰੇ ਪੰਜ ਵਜੇ ਦੇ ਕਰੀਬ ਸਭ ਤੋਂ ਪਹਿਲੋਂ ਪੁਲਿਸ ਕਮਿਸ਼ਨਰ ਰੋਜ਼ ਗਾਰਡਨ 'ਤੇ ਰੱਖ ਬਾਗ ਗਏ। ਸ਼ਹਿਰ ਦੀਆਂ ਦੋਵਾਂ ਵੱਡੀਆਂ ਪਾਰਕਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸ਼ਹਿਰ ਅੰਦਰ ਪੈਂਦੀਆਂ ਪਾਰਕਾਂ ਦੀ ਜਾਂਚ ਕੀਤੀ।

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪਾਰਕਾਂ 'ਚ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਦੀ ਵੀ ਜਾਂਚ ਕੀਤੀ ਗਈ। ਡੀਸੀਪੀ ਅਸ਼ਵਨੀ ਕਪੂਰ ਦੇ ਮੁਤਾਬਕ ਜਾਂਚ ਦੌਰਾਨ ਪਾਰਕਾਂ ਵਿੱਚ ਡਿਊਟੀ ਅਨੁਸਾਰ ਮੁਲਾਜ਼ਮ ਮੌਜੂਦ ਪਾਏ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਸਮੇਂ-ਸਮੇਂ 'ਤੇ ਸ਼ਹਿਰ ਦੀਆਂ ਪਾਰਕਾਂ ਦੀ ਜਾਂਚ ਕਰਕੇ ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ਬਾਰੇ ਪਤਾ ਲਗਾਇਆ ਜਾਵੇਗਾ।

Posted By: Amita Verma