ਪੰਜਾਬੀ ਜਾਗਰਣ ਪ੍ਰਤੀਨਿਧ, ਮੁੱਲਾਂਪੁਰ ਦਾਖਾ : ਮੁੱਲਾਂਪੁਰ ਦਾਖਾ ਵਿਖੇ ਮੁਟਿਆਰ ਵੱਲੋਂ ਘਰ 'ਚ ਹੀ ਫਾਹਾ ਲੈ ਲੈਣ 'ਤੇ ਦਾਖਾ ਪੁਲਿਸ ਨੇ ਉਸ ਦੀ ਮਾਂ, ਪਿਓ, ਭੈਣ 'ਤੇ ਅੰਨ੍ਹਾ ਤਸ਼ੱਦਦ ਕੀਤਾ। ਪੁਲਿਸ ਨੂੰ ਸ਼ੱਕ ਸੀ ਕਿ ਪਰਿਵਾਰ ਵੱਲੋਂ ਹੀ ਆਪਣੀ ਕੁੜੀ ਨੂੰ ਮਾਰਿਆ ਗਿਆ ਹੈ। ਪੁਲਿਸ ਨੇ ਇਸ ਦੌਰਾਨ ਮਿ੍ਤਕਾ ਦੇ 7 ਸਾਲਾ ਭਰਾ ਦੇ ਵੀ ਬੇਰਹਿਮੀ ਨਾਲ ਚਪੇੜਾਂ, ਚੱਪਲਾਂ ਤੇ ਡੰਡੇ ਵਰਾਉਂਦਿਆਂ ਉਸ ਦੇ ਮਾਂ, ਪਿਓ, ਭੈਣ ਤੇ ਚਾਚੇ ਨੂੰ ਕੁੱਟ ਕੁੱਟ ਬੇਹੋਸ਼ ਕਰ ਦਿੱਤਾ।

ਇਹ ਦਰਦ ਭਰੀ ਵਿਥਿਆ ਸੁਣਾਉਂਦੇ ਕਾਂਸ਼ੀ ਚੌਧਰੀ ਨੇ ਦੱਸਿਆ ਕਿ ਬੀਤੀ 25 ਅਪ੍ਰੈਲ ਦੀ ਰਾਤ ਨੂੰ ਉਸ ਦੀ ਨਾਬਾਲਿਗਾ ਧੀ ਨੇ ਘਰ ਵਿਚ ਹੀ ਫਾਹਾ ਲੈ ਲਿਆ ਸੀ। ਸੂਚਨਾ ਮਿਲਣ 'ਤੇ ਪੁਲਿਸ ਘਰ ਪੁੱਜੀ ਤਾਂ ਥਾਣਾ ਮੁਖੀ ਪ੍ਰੇਮ ਸਿੰਘ ਦੇ ਇਸ਼ਾਰੇ 'ਤੇ ਪੁਲਿਸ ਕਾਂਸ਼ੀ ਚੌਧਰੀ ਨੂੰ, ਉਸ ਦੇ ਭਰਾ ਬਿਸ਼ੰਬਰ ਚੌਧਰੀ, ਉਸ ਦੀ ਪਤਨੀ ਊਸ਼ਾ, 16 ਸਾਲਾ ਧੀ ਨੇਹਾ ਅਤੇ 7 ਸਾਲਾ ਪੁੱਤਰ ਕਿਸ਼ਨ ਨੂੰ ਚੁੱਕ ਕੇ ਥਾਣੇ ਲੈ ਗਏ। ਜਿੱਥੇ ਸਾਰੀ ਰਾਤ ਪੁਲਿਸ ਨੇ ਪੂਰੇ ਪਰਿਵਾਰ ਨੂੰ ਇੱਕ ਦੂਸਰੇ ਦੇ ਸਾਹਮਣੇ ਬੇਰਹਿਮੀ ਨਾਲ ਡੰਡਿਆਂ, ਚੱਪਲਾਂ, ਥੱਪੜਾਂ, ਡਾਗਾਂ ਤੇ ਪਟਿਆਂ ਨਾਲ ਕੁੱਟਿਆ। ਪੁਲਿਸ ਉਨ੍ਹਾਂ ਨੂੰ ਉਸ ਦੀ ਨਾਬਾਲਿਗ ਧੀ ਨੂੰ ਮਾਰਨ ਲਈ ਜ਼ਿੰਮੇਵਾਰ ਠਹਿਰਾ ਰਹੀ ਸੀ।

ਪੀੜਤ ਕਾਂਸ਼ੀ ਨੇ ਪੁਲਿਸ ਵੱਲੋਂ ਤਸ਼ੱਦਦ ਕਰਦਿਆਂ ਉਸ ਦੀ ਨਾਬਾਲਿਗਾ ਧੀ ਨਾਲ ਛੇੜਖਾਣੀ ਕਰਨ ਦੇ ਵੀ ਗੰਭੀਰ ਦੋਸ਼ ਲਗਾਏ। ਇਸ ਮੌਕੇ ਆਰਟੀਆਈ ਕਾਰਕੁੰਨ ਜਗਸੀਰ ਸਿੰਘ ਨੇ ਮੁੱਲਾਂਪੁਰ ਦਾਖਾ ਪੁਲਿਸ ਦੇ ਤਸ਼ੱਦਦ ਦੀ ਦਰਦਨਾਕ ਕਹਾਣੀ ਡੀਜੀਪੀ ਪੰਜਾਬ ਨੂੰ ਲਿਖਤੀ ਭੇਜੀ। ਜਿਸ 'ਤੇ ਡੀਜੀਪੀ ਵੱਲੋਂ ਐੱਸਐੱਸਪੀ ਜਗਰਾਓਂ ਨੂੰ ਇਸ ਮਾਮਲੇ ਵਿਚ ਜਾਂਚ ਦੇ ਨਿਰਦੇਸ਼ ਦਿੱਤੇ।


ਇਸ ਸਬੰਧੀ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਅਜੇ ਤਕ ਕੋਈ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਕੀਤੀ। ਜੇ ਉਹ ਸ਼ਿਕਾਇਤ ਕਰਦੇ ਹਨ ਤਾਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।