ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ: ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿਚ ਚੱਲ ਰਹੀ ਜਾਂਚ ਲਈ ਪਰਵਾਨਾ ਨੋਟ ਕਰਵਾਉਣ ਗਈ ਪਿੁਲਸ ਪਾਰਟੀ ਉੱਤੇ ਹਮਲਾ ਕੀਤਾ ਗਿਆ ਹੈ। ਰਸਤੇ ਵਿਚ ਘੇਰ ਕੇ ਮੁਲਜ਼ਮਾਂ ਨੇ ਪੁਲਿਸ ਨਾਲ ਧੱਕਾ-ਮੁੱਕੀ ਕਰਦਿਆਂ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਹੈ।

ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਬਸਤੀ ਜੋਧੇਵਾਲ ਦੀ ਗਲੀ ਨੰਬਰ ਛੇ ਦੀ ਵਸਨੀਕ ਇੰਦੂਬਾਲਾ, ਉਸ ਦੇ ਪਿਤਾ ਕਿਸ਼ਨ ਲਾਲ, ਭਰਾ ਮਨੋਜ ਕੁਮਾਰ ਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਬਾਰੇ ਏਐੱਸਆਈ ਧਰਮ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਏਐੱਸਆਈ ਹਰਨੇਕ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ। ਮਾਰਚ 2019 ਵਿਚ ਈਸ਼ਰ ਨਗਰ ਦੇ ਵਸਨੀਕ ਸੁਸ਼ੀਲ ਕੁਮਾਰ ਦੀ ਸ਼ਿਕਾਇਤ ਤੇ ਇੰਦੂਬਾਲਾ ਤੇ ਰਿਸ਼ਵ ਬੈਨੀਪਾਲ ਦੇ ਖ਼ਿਲਾਫ਼ ਧੋਖਾਦੇਹੀ, ਇਰਾਦਾ ਕਤਲ ਤੇ ਹੋਰ ਅਪਰਾਧਕ ਧਾਰਾਵਾਂ ਤਹਿਤ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ। ਦੋਵਾਂ ਮੁਲਜ਼ਮਾਂ ਨੇ ਸੈਸ਼ਨ ਕੋਰਟ ਤੋਂ ਅੰਤਿ੍ਮ ਜ਼ਮਾਨਤ ਲੈ ਰੱਖੀ ਹੈ।

ਸੁਸ਼ੀਲ ਦੀ ਸ਼ਿਕਾਇਤ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਮਾਮਲੇ ਦੀ ਪੜਤਾਲ ਥਾਣਾ ਡੇਹਲੋਂ ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਨੂੰ ਦਿੱਤੀ। ਥਾਣਾ ਡੇਹਲੋਂ ਦੇ ਇੰਚਾਰਜ ਸੁਖਦੇਵ ਸਿੰਘ ਤੇ ਏਐੱਸਆਈ ਹਰਬੰਸ ਸਿੰਘ, ਸਿਪਾਹੀ ਹਰਪ੍ਰਰੀਤ ਸਿੰਘ ਨਾਲ ਮੁਲਜ਼ਮਾਂ ਨੂੰ ਤਫ਼ਤੀਸ਼ ਵਿਚ ਸ਼ਾਮਲ ਹੋਣ ਲਈ ਪਰਵਾਨਾ ਨੋਟ ਕਰਵਾਉਣ ਲਈ ਗਏ। ਉੱਥੋਂ ਨਿਕਲਣ 'ਤੇ ਮੁਲਜ਼ਮਾਂ ਨੇ ਪਿੁਲਸ ਪਾਰਟੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਮੁਲਜ਼ਮਾਂ ਨੇ ਚੀਮਾ ਚੌਕ ਵਿਚ ਪੁਲਿਸ ਪਾਰਟੀ ਨੂੰ ਘੇਰ ਕੇ ਉਨ੍ਹਾਂ ਉੱਤੇ ਹਮਲਾ ਕਰਦਿਆਂ ਧੱਕਾ-ਮੁੱਕੀ ਕੀਤੀ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਹੈ। ਹਰਨੇਕ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸੁਸ਼ੀਲ ਕੁਮਾਰ ਉੱਪਰ ਗੋਲੀਆਂ ਚਲਾਈਆਂ ਸਨ। ਉਸ ਹਮਲੇ ਵਿਚ ਵੀ ਸੁਸ਼ੀਲ ਕੁਮਾਰ ਮੁਸ਼ਕਲ ਨਾਲ ਬਚਿਆ ਸੀ। ਉਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਕਰਨਵੀਰ ਵਾਲੀਆ ਤੇ ਉਸ ਦੇ ਸੱਤ ਅਣਪਛਾਤੇ ਸਾਥੀਆਂ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਿਸ ਮੁਤਾਬਕ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਏਗਾ।