ਪੱਤਰ ਪੇ੍ਰਰਕ, ਲੁਧਿਆਣਾ : ਵਿਸ਼ਵ ਵਾਤਾਵਰਨ ਰੱਖਿਆ ਦਿਵਸ ਮੌਕੇ ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਬੂਟੇ ਲਗਾਏ ਗਏ। ਇਸ ਮੁਹਿੰਮ ਤਹਿਤ ਭਾਰਤੀ ਜਨਤਾ ਪਾਰਟੀ ਸ਼ਿਵਾਜੀ ਨਗਰ ਮੰਡਲ ਦੇ ਪ੍ਰਧਾਨ ਰਾਜੀਵ ਸ਼ਰਮਾ ਦੀ ਅਗਵਾਈ 'ਚ ਬੂਟੇ ਲਗਾਏ ਗਏ, ਜਿਨ੍ਹਾਂ ਇਲਾਕਾ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਾਨੂੰ ਸਭ ਨੂੰ ਕੁਦਰਤ ਪ੍ਰਤੀ ਪੇ੍ਮ ਭਾਵਨਾ ਰੱਖਣੀ ਚਾਹੀਦੀ ਹੈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਵਾਤਾਵਰਨ ਦੇਣ ਲਈ ਹਰਿਆਵਲ ਦੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਵਿਸ਼ਵ ਪੱਧਰ 'ਤੇ ਲਗਾਤਾਰ ਵਾਤਾਵਰਨ ਵਿੱਚ ਹੋ ਰਹੇ ਨਕਾਰਾਤਮਕ ਬਦਲਾਅ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਅਸੀਂ ਆਪਣਾ ਵਣ ਖੇਤਰ ਸੁਰੱਖਿਅਤ ਨਾ ਰੱਖਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਇਸ ਮੌਕੇ ਪੰਜਾਬ ਵਪਾਰ ਦਲ ਦੇ ਸੂਬਾ ਸਕੱਤਰ ਰਾਜੇਸ਼ ਗੁਪਤਾ, ਭਾਜਪਾ ਯੁਵਾ ਮੋਰਚਾ ਲੁਧਿਆਣਾ ਦੇ ਮੀਤ ਪ੍ਰਧਾਨ ਕਪਿਲ ਕਤਿਆਲ, ਜਨਰਲ ਸਕੱਤਰ ਸ਼ਿਵਾਜੀ ਨਗਰ ਮੰਡਲ ਕਿਰਪਾਲ ਸਿੰਘ ਅਤੇ ਪਵਨ ਵਰਮਾ, ਸਕੱਤਰ ਅਮਿਤ ਸਚਦੇਵਾ, ਸਵੱਛ ਭਾਰਤ ਅਭਿਆਨ ਸ਼ਿਵਾਜੀ ਨਗਰ ਮੰਡਲ ਦੇ ਪ੍ਰਧਾਨ ਗੌਰਵ ਜਿੰਦਲ, ਅਸ਼ਵਨੀ ਮਹਿਰਾ, ਉਸਮਾਨ ਖ਼ਾਨ ਆਦਿ ਮੌਜੂਦ ਸਨ।