ਕੁਲਵਿੰਦਰ ਸਿੰਘ ਰਾਏ, ਖੰਨਾ : ਪਿੰਡ ਰਾਹੌਣ ਵਾਰਡ ਨੰਬਰ ਇਕ ਦੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ 'ਚ ਸਰਕਾਰੀ ਮਿਡਲ ਸਕੂਲ ਪਿੰਡ ਰਹੌਣ ਵਿਖੇ ਐੱਸਐੱਚਓ ਸਿਟੀ-1 ਖੰਨਾ ਕੁਲਜਿੰਦਰ ਸਿੰਘ ਦੀ ਅਗਵਾਈ 'ਚ ਬੂਟੇ ਲਗਾਏ ਗਏ। ਦੱਸਣਯੋਗ ਹੈ ਕਿ ਪਿੰਡ ਰਹੌਣ ਦੇ ਐੱਸਪੀਓ ਜੰਗ ਸਿੰਘ 2 ਸੰਤਬਰ 1992 ਤੇ ਪੀਐੱਚਜੀ ਅਮਰ ਸਿੰਘ 28 ਫਰਵਰੀ 1992 ਨੂੰ ਸ਼ਹੀਦ ਹੋਏ ਸੀ। ਕੁਲਜਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀਆਂ ਦੇਣ ਵਾਲੇ ਪੁਲਿਸ ਅਧਿਕਾਰੀ ਤੇ ਪੁਲਿਸ ਮੁਲਾਜ਼ਮਾਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਐੱਸਐੱਸਪੀ ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਐੱਸਐੱਸਪੀ ਦਫਤਰ ਖੰਨਾ ਵਿਖੇ 21 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ ਅੱਠ ਵਜੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਗੌਰਵਮਈ ਹੈ ਤੇ ਪੰਜਾਬ 'ਚੋਂ ਅੱਤਵਾਦ ਖ਼ਤਮ ਕਰਨ ਕਰਕੇ ਪੰਜਾਬ ਪੁਲਿਸ ਦੇਸ਼ ਦੀ ਉੱਤਮ ਪੁਲਿਸ ਫੋਰਸ ਵਜੋਂ ਜਾਣੀ ਜਾਂਦੀ ਹੈ। ਇਸ ਮੌਕੇ ਐੱਸਆਈ ਬਲਵਿੰਦਰ ਸਿੰਘ, ਏਐੱਸਆਈ.ਦਲਵੀਰ ਸਿੰਘ, ਦਰਸ਼ਨ ਸਿੰਘ ਭੱਟੀ (ਸਾਬਕਾ ਕੌਂਸਲਰ), ਅਜਮੇਰ ਸਿੰਘ, ਚਰਨ ਸਿੰਘ ਭੱਟੀ, ਬੇਅੰਤ ਸਿੰਘ, ਅਕਾਸ਼ਦੀਪ ਸਿੰਘ, ਰਾਜਦੀਪ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਮਿੰਟੂ, ਸੋਨੀ ਤੇ ਵਿੱਕੀ ਹਾਜ਼ਰ ਸਨ।