ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਇੰਡਸਟਰੀਅਲ ਇਲਾਕੇ 'ਚ ਦਹਿਸ਼ਤ ਦੇ ਨਾਂਅ ਨਾਲ ਜਾਣੇ ਜਾਣ ਵਾਲੇ ਚੰਦਰਮਾ ਗਿਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕਰਕੇ ਕ੍ਰਾਈਮ ਬ੍ਾਂਚ ਦੀ ਟੀਮ ਨੇ ਇਕ ਦੇਸੀ ਪਿਸਤੌਲ, ਇਕ ਮਾਰੂਤੀ ਕਾਰ, ਇਕ ਛੋਟਾ ਹਾਥੀ, ਮੋਟਰਸਾਈਕਲ, ਪੰਜ ਕੁਇੰਟਲ ਪਿੱਤਲ, 80 ਕਿੱਲੋ ਐਲੂਮੀਨੀਅਮ ਬਰਾਮਦ ਕੀਤਾ ਹੈ। ਪੁਲਸ ਮੁਤਾਬਕ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਿ੍ਸ਼ਨ ਵਿਹਾਰ ਦੇ ਵਾਸੀ ਜ਼ਾਕਿਰ ਹੁਸੈਨ, ਰਾਮਗੜ੍ਹ ਨਿਵਾਸੀ ਰੰਜਨ ਕੁਮਾਰ ਉਰਫ ਛੋਟੂ, ਗਿਆਸਪੁਰਾ ਦੇ ਵਾਸੀ ਰਾਜੇਸ਼ ਕੁਮਾਰ, ਗੁਲਾਬੀ ਬਾਗ ਕਾਲੋਨੀ ਦੇ ਸ਼ਾਰਿਕ ਸੈਫੀ, ਬਾਜ਼ੀਗਰ ਕਾਲੋਨੀ ਦੇ ਵਾਸੀ ਕੁਲਵਿੰਦਰ ਸਿੰਘ ਅਤੇ ਹਿੰਮਤ ਸਿੰਘ ਨਗਰ ਦੇ ਰਹਿਣ ਵਾਲੇ ਰਮਨ ਕੁਮਾਰ ਵਜੋਂ ਹੋਈ ਹੈ। ਕਾਬਲੇ ਗੌਰ ਹੈ ਕਿ ਇਹ ਗਿਰੋਹ ਚੰਦਰਮਾ ਗਿਰੋਹ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਇਹ ਲੁਧਿਆਣਾ ਦੇ ਇੰਡਸਟਰੀਅਲ ਇਲਾਕੇ 'ਚ ਫੈਕਟਰੀਆਂ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਨਿੱਕਲ ਤੇ ਹੋਰ ਸਾਮਾਨ ਲੁੱਟਦਾ ਹੈ।

ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਕਮਿਸ਼ਨਰ ਆਰ.ਕੇ ਅਗਰਵਾਲ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਨੇ ਫੋਕਲ ਪਆਇੰਟ ਇਲਾਕੇ 'ਚ ਨਾਕੇਬੰਦੀ ਕਰ ਕੇ ਇਨ੍ਹਾਂ ਛੇ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਦੇਸੀ ਪਿਸਤੌਲ ਤੋਂ ਇਲਾਵਾ ਵਾਰਦਾਤ 'ਚ ਵਰਤੀ ਜਾਣ ਵਾਲੀ ਮਾਰੂਤੀ ਕਾਰ ਛੋਟਾ ਹਾਥੀ ਮੋਟਰਸਾਈਕਲ ਪੰਜ ਕੁਇੰਟਲ ਪਿੱਤਲ, 80 ਕਿੱਲੋ ਨਿੱਕਲ, 80 ਕਿੱਲੋ ਐਲੂਮੀਨੀਅਮ ਬਰਾਮਦ ਕੀਤਾ।

-ਇੰਝ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ

ਪੁਲਿਸ ਮੁਤਾਬਕ 12 ਮੈਂਬਰੀ ਗਿਰੋਹ ਦਿਨ ਵੇਲੇ ਇੰਡਸਟਰੀਅਲ ਏਰੀਏ ਦੀਆਂ ਫੈਕਟਰੀਆਂ ਦੀ ਰੈਕੀ ਕਰਦਾ ਤੇ ਰਾਤ ਨੂੰ ਫੈਕਟਰੀ 'ਚ ਵੜ ਕੇ ਫੈਕਟਰੀ ਮੁਲਾਜ਼ਮਾਂ ਤੇ ਚੌਕੀਦਾਰਾਂ ਨੂੰ ਪਿਸਤੌਲ ਦੇ ਦਮ 'ਤੇ ਬੰਧਕ ਬਣਾ ਕੇ ਫੈਕਟਰੀ 'ਚੋਂ ਪਿੱਤਲ, ਨਿੱਕਲ ਤੇ ਐਲੂਮੀਨੀਅਮ ਲੁੱਟ ਲੈਂਦੇ। ਮੁਲਜ਼ਮ ਲੁੱਟਿਆ ਗਿਆ ਸਾਮਾਨ ਮਾਰੂਤੀ ਕਾਰ ਤੇ ਟੈਂਪੂ 'ਚ ਲੋਡ ਕਰ ਕੇ ਉੱਥੋਂ ਫ਼ਰਾਰ ਹੋ ਜਾਂਦੇ।