ਸਵਾ ਲੱਖ ਕੁਇੰਟਲ ਹੋਈ ਖ਼ਰੀਦ ਪਰ ਇਕ ਵੀ ਬੋਰੀ ਨਹੀਂ ਚੁੱਕੀ

ਨਵੀਂ ਫ਼ਸਲ ਉਤਾਰਨ ਲਈ ਫੜ੍ਹਾਂ ਦੀ ਘਾਟ

ਕੁਲਵਿੰਦਰ ਸਿੰਘ ਰਾਏ, ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਕਣਕ ਦੀ ਆਮਦ ਤੇਜ਼ ਹੋਣ 'ਤੇ ਮੰਡੀ 'ਚੋਂ ਵਿਕੀ ਫ਼ਸਲ ਦੀ ਚੁਕਾਈ ਨਾ ਹੋਣ ਕਰ ਕੇ ਮੰਡੀ 'ਚ ਕਣਕ ਦੀਆਂ ਬੋਰੀਆਂ ਦੇ ਢੇਰ ਲੱਗ ਗਏ ਹਨ। ਫੜ੍ਹ ਖ਼ਾਲੀ ਕਰਨ ਦੀ ਆੜ ਹੇਠ ਲਿਫਟਿੰਗ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਆੜ੍ਹਤੀਆਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ। ਠੇਕੇਦਾਰ ਦੇ ਕਰਿੰਦਿਆਂ ਵੱਲੋਂ ਪ੍ਰਤੀ ਥੈਲਾ 6 ਰੁਪਏ ਰਿਸ਼ਵਤ ਮੰਗੀ ਜਾ ਰਹੀ ਹੈ। ਇਹ ਦੋਸ਼ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਤੇ ਆੜ੍ਹਤੀ ਯਾਦਵਿੰਦਰ ਸਿੰਘ ਯਾਦੂ ਵੱਲੋਂ ਲਾਏ ਗਏ। ਯਾਦੂ ਨੇ ਕਿਹਾ ਕਿ ਪਹਿਲਾਂ ਹੀ ਸਿੱਧੀ ਅਦਾਇਗੀ ਨੂੰ ਲੈ ਕੇ ਆੜ੍ਹਤੀ ਪਰੇਸ਼ਾਨ ਹਨ। ਉਹ ਕਈ ਦਿਨ ਤੋਂ ਆਨਲਾਈਨ ਐਂਟਰੀ ਦੇ ਚੱਕਰ 'ਚ ਉਲਝੇ ਹੋਏ ਹਨ। ਸਰਕਾਰੀ ਖ਼ਰੀਦ ਦੇਰੀ ਨਾਲ ਸ਼ੁਰੂ ਹੋਣ ਕਰ ਕੇ ਮੰਡੀ 'ਚ ਇਕਦਮ ਕਣਕ ਦੀ ਫ਼ਸਲ ਆ ਗਈ। ਖ਼ਰੀਦੀ ਫ਼ਸਲ ਮੰਡੀ 'ਚੋਂ ਚੱਕੀ ਨਾ ਜਾਣ ਕਰ ਕੇ ਮੰਡੀ 'ਚ ਬੋਰੀਆਂ ਦੇ ਢੇਰ ਲੱਗ ਰਹੇ ਹਨ।

ਦੱਸਣਯੋਗ ਹੈ ਕਿ ਅਨਾਜ ਮੰਡੀ ਖੰਨਾ 'ਚ 12 ਅਪ੍ਰਰੈਲ ਦਿਨ ਸੋਮਵਾਰ ਨੂੰ ਖ਼ਰੀਦ ਸ਼ੁਰੂ ਹੋਈ ਸੀ। ਵੀਰਵਾਰ 15 ਅਪ੍ਰਰੈਲ ਤਕ 1 ਲੱਖ 29 ਹਜ਼ਾਰ 957 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਤੇ ਮੰਡੀ 'ਚੋਂ ਇਕ ਵੀ ਬੋਰੀ ਉਠਾਈ ਨਹੀਂ ਗਈ, ਜਿਸ ਕਰ ਕੇ ਨਵੀਂ ਫ਼ਸਲ ਲਈ ਫੜ੍ਹਾਂ ਦੀ ਘਾਟ ਆਉਣ ਲੱਗੀ ਹੈ।

—————————————

ਠੇਕੇਦਾਰ ਕੋਲ ਨਹੀਂ ਪੂਰੀਆਂ ਗੱਡੀਆਂ

ਜਿਸ ਠੇਕੇਦਾਰ ਕੋਲ ਲਿਫਟਿੰਗ ਦਾ ਕੰਮ ਹੈ, ਉਸ ਕੋਲ ਪੂਰੀਆਂ ਗੱਡੀਆਂ ਵੀ ਨਹੀਂ ਹਨ, ਜਿਸ ਕਾਰਨ ਆੜ੍ਹਤੀਆਂ ਦੇ ਫੜ੍ਹਾਂ 'ਚੋ ਮਾਲ ਸਮੇਂ ਸਿਰ ਨਹੀਂ ਚੱਕਿਆ ਜਾ ਰਿਹਾ ਹੈ। ਇਸ ਦਾ ਫਾਇਦਾ ਚੁੱਕਦੇ ਹੋਏ ਗੱਡੀਆਂ ਵਾਲੇ ਆੜ੍ਹਤੀਆਂ ਨੂੰ ਬਲੈਕਮੇਲ ਕਰ ਰਹੇ ਹਨ। ਫੜ੍ਹ ਖ਼ਾਲੀ ਕਰਵਾਉਣਾ ਆੜ੍ਹਤੀਆਂ ਦੀ ਮਜ਼ਬੂਰੀ ਵੀ ਬਣੀ ਹੋਈ ਹੈ ਕਿਉਂਕਿ ਖੇਤਾਂ 'ਚ ਕਣਕ ਵਾਢੀ ਲਈ ਤਿਆਰ ਹੈੇ ਤੇ ਦੂਜਾ ਖ਼ਰੀਦ ਦੇਰੀ ਨਾਲ ਸ਼ੁਰੂ ਹੋਣ ਕਰ ਕੇ ਇਕਦਮ ਮੰਡੀ 'ਚ ਕਣਕ ਜ਼ਿਆਦਾ ਮਾਤਰਾ 'ਚ ਆ ਗਈ। ਵਿਕੀ ਫ਼ਸਲ ਤੋਂ ਬਾਅਦ ਨਵੀਂ ਫ਼ਸਲ ਉਤਾਰਨ ਲਈ ਜਗ੍ਹਾ ਦੀ ਕਮੀ ਹੁੰਦੀ ਹੈੇ। ਇਸ ਕਰ ਕੇ ਫੜ੍ਹ ਖ਼ਾਲੀ ਕਰਵਾਉਣੇ ਆੜ੍ਹਤੀਆਂ ਲਈ ਜ਼ਰੂਰੀ ਹਨ। ਆੜ੍ਹਤੀਆਂ ਦੀ ਇਸ ਕਮਜ਼ੋਰੀ ਦਾ ਫਾਇਦਾ ਗੱਡੀਆਂ ਵਾਲੇ ਚੁੱਕ ਰਹੇ ਹਨ। ਇਕ ਆੜ੍ਹਤੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਠੇਕੇਦਾਰ ਕੋਲ ਗੱਡੀਆਂ ਦਾ ਘਾਟ ਹੈ, ਜਿਸ ਕਰ ਕੇ ਆੜ੍ਹਤੀ ਨੂੰ ਮਜ਼ਬੂਰੀ 'ਚ ਬਾਹਰੋਂ ਨਿੱਜੀ ਤੌਰ 'ਤੇ ਗੱਡੀਆਂ ਮੰਗਵਾਉਣੀਆਂ ਪੈ ਰਹੀਆਂ ਹਨ। ਇਹ ਗੱਡੀ ਮਾਲਕ ਪ੍ਰਤੀ ਗੱਟਾ 5 ਤੋਂ 6 ਰੁਪਏ ਮੰਗਦੇ ਹਨ। ਯਾਦੂ ਨੇ ਕਿਹਾ ਕਿ ਜੇਕਰ ਆੜ੍ਹਤੀਆਂ ਦੀ ਲੁੱਟ ਬੰਦ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸਰਕਲ ਪ੍ਰਧਾਨ ਦਿਹਾਤੀ ਜਗਦੀਪ ਸਿੰਘ ਦੀਪੀ, ਹਰਜੰਗ ਸਿੰਘ ਗੰਢੂਆਂ, ਬਲਜੀਤ ਸਿੰਘ ਭੁੱਲਰ, ਹਰਪ੍ਰਰੀਤ ਸਿੰਘ ਕਾਲਾ ਤੇ ਸੁਖਪਾਲ ਸਿੰਘ ਪਾਲੀ ਹਾਜ਼ਰ ਸਨ।

———————————

ਆੜ੍ਹਤੀ ਖੁਦ ਦੇ ਰਹੇ ਨੇ ਡਰਾਈਵਰਾਂ ਨੂੰ ਲਾਲਚ : ਮਦਨ

ਬੀਕੇ ਐਂਡ ਕੰਪਨੀ ਦੇ ਨੁਮਾਇੰਦੇ ਮਦਨ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮਾਂ ਵੱਲੋਂ ਨਿਯਮਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈੇ। ਕਿਸੇ ਤੋਂ ਇੰਝ ਕੋਈ ਪੈਸਾ ਨਹੀਂ ਲਿਆ ਜਾ ਰਿਹਾ। ਜੇਕਰ ਕੋਈ ਗੱਡੀ ਵਾਲਾ ਅਜਿਹਾ ਕਰਦਾ ਹੈ ਤਾਂ ਇਹ ਆੜ੍ਹਤੀਆਂ ਦੀ ਕਮਜ਼ੋਰੀ ਹੈ। ਆੜ੍ਹਤੀ ਕਿਉਂ ਦਿੰਦੇ ਹਨ? ਉਨ੍ਹਾਂ ਕਿਹਾ ਕਿ ਆੜ੍ਹਤੀ ਤੇਜ਼ੀ ਕਰਦਾ ਹੈ ਕਿ ਮਾਲ ਜਲਦੀ ਚੱਕਿਆ ਜਾਵੇ। ਇਹ ਗੱਡੀਆਂ ਵਾਲਿਆਂ ਨੂੰ ਖੁਦ ਹੀ ਲਾਲਚ ਦੇ ਕੇ ਪੱਟਦੇ ਹਨ।