ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਬੀਤੇ ਕੁੱਝ ਸਮੇਂ ਤੋਂ ਪੈਟਰੋਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਨਿੱਤ ਦਿਨ ਹੋ ਰਹੇ ਵਾਧੇ ਕਾਰਨ ਲੋਕਾਂ 'ਚ ਹਾਹਾਕਾਰ ਮੱਚ ਗਈ ਹੈ ਜੋ ਕਿ ਧਰਨੇ ਅਤੇ ਰੋਸ ਪ੍ਰਦਰਸ਼ਨਾਂ ਵਿੱਚ ਬਦਲ ਚੁੱਕੀ ਹੈ। ਪੈਟਰੋਲ ਦੀਆਂ ਕੀਮਤਾਂ ਦਾ ਵਧਣਾ ਕਈ ਹੋਰ ਵਸਤਾਂ ਦੀਆਂ ਕੀਮਤਾਂ ਦੇ ਵਧਣ ਦਾ ਕਾਰਨ ਵੀ ਬਣ ਰਿਹਾ ਹੈ। ਇਸ ਸਬੰਧੀ ਸ਼ਹਿਰ ਦੀਆਂ ਕਈ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ ਗਈ ਤੇ ਉਸ ਦੇ ਕੁੱਝ ਅੰਸ਼ ਪੰਜਾਬੀ ਜਾਗਰਣ ਦੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ...

-ਆਮ ਲੋਕਾਂ ਬਾਰੇ ਕੁੱਝ ਨਹੀਂ ਸੋਚ ਰਹੀ ਕੇਂਦਰ ਸਰਕਾਰ : ਪਨੇਸਰ

ਪੈਟਰੋਲ, ਡੀਜ਼ਲ ਤੇ ਸਿਲੰਡਰ ਦੀਆਂ ਵਧ ਰਹੀਆਂ ਕੀਮਤਾਂ ਦੇ ਮੁੱਦੇ 'ਤੇ ਗੱਲ ਕਰਦਿਆਂ ਸਮਾਜ-ਸੇਵੀ ਇੰਦਰਜੀਤ ਸਿੰਘ ਪਨੇਸਰ ਨੇ ਕਿਹਾ ਕਿ ਸਰਕਾਰ ਨੂੰ ਆਮ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ, ਇਹੀ ਕਾਰਨ ਹੈ ਕਿ ਚੁੱਪਚਪੀਤੇ ਪੈਟਰੋਲ, ਡੀਜ਼ਲ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੇ ਘਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਪਨੇਸਰ ਨੇ ਕਿਹਾ ਕਿ ਬੇਲਗਾਮ ਹੋ ਰਹੀਆਂ ਕੀਮਤਾਂ ਨੂੰ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ ਤਾਂ ਜੋ ਆਮ ਆਦਮੀ ਨੂੰ ਰਾਹਤ ਮਿਲ ਸਕੇ।

-ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ : ਜੱਸ

ਮਨੁੱਖੀ ਅਧਿਕਾਰ ਮੰਚ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਜੱਸ ਅਤੇ ਮੰਚ ਦੇ ਯੂਥ ਵਿੰਗ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਣਬੀਰ ਅਟਵਾਲ ਨੇ ਆਖਿਆ ਹੈ ਕਿ ਕਈ ਦਿਨਾਂ ਤੋਂ ਪੈਟਰੋਲ, ਡੀਜਲ ਦੀਆਂ ਕੀਮਤਾਂ ਰੋਜ਼ਾਨਾ ਵਧ ਰਹੀਆਂ ਹਨ ਅਤੇ ਰਸੋਈ ਗੈਸ ਦੀ ਕੀਮਤ ਵੀ ਸਰਕਾਰ ਨੇ ਕਾਫੀ ਵਧਾ ਦਿੱਤੀ ਹੈ ਜਿਸ ਨਾਲ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਜੱਸ ਅਤੇ ਰਣਬੀਰ ਨੇ ਕਿਹਾ ਕਿ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਧਣ ਨਾਲ ਫਲ, ਸਬਜੀਆਂ, ਰਾਸ਼ਨ ਅਤੇ ਹੋਰ ਚੀਜ਼ਾਂ ਦੇ ਭਾਅ ਵਧ ਰਹੇ ਹਨ ਜਦ ਕਿ ਲੋਕ ਪਹਿਲਾਂ ਹੀ ਕੋਰੋਨਾ ਦੇ ਝੰਬੇ ਹੋਏ ਹਨ ਅਤੇ ਲੱਖਾਂ ਲੋਕ ਬੇਰੋਜਗਾਰ ਹੋ ਗਏ ਹਨ ਤੇ ਲੋਕਾਂ ਨੂੰ ਮਸਾਂ ਅੱਧਾ ਦਿਨ ਵੀ ਰੋਜ਼ਗਾਰ ਨਹੀਂ ਮਿਲਦਾ, ਜਿਸ ਕਰਕੇ ਆਮ ਲੋਕਾਂ ਲਈ ਜਿਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਨੋਟਬੰਦੀ, ਜੀਐੱਸਟੀ ਅਤੇ ਕੋਰੋਨਾ ਦੇ ਮਾਰੂ ਪ੍ਰਭਾਵਾਂ ਦਾ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਦਵਾਉਣ ਲਈ ਕੱੁਝ ਰਿਆਇਤਾਂ ਦਾ ਐਲਾਨ ਕਰਦੀ ਅਤੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਸਸਤੇ ਕੀਤੇ ਜਾਂਦੇ ਪਰ ਉਲਟਾ ਇਨ੍ਹਾਂ ਦਾ ਭਾਅ ਵਧਾ ਕੇ ਕੇਂਦਰ ਸਰਕਾਰ ਨੇ ਲੋਕਾਂ ਦਾ ਖੂਨ ਨਿਚੋੜਨ ਵਾਲੀ ਗੱਲ ਕੀਤੀ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਤੁਰੰਤ ਘਟਾਈਆਂ ਜਾਣ ਤਾਂ ਜੋ ਆਮ ਲੋਕ ਸੁੱਖ ਦਾ ਸਾਹ ਲੈ ਸਕਣ।

-ਲਗਾਤਾਰ ਵੱਧ ਰਹੇ ਭਾਅ ਨੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ : ਲੇਖਕ ਗਰੇਵਾਲ

ਵਧੀਆਂ ਕੀਮਤਾਂ ਸਬੰਧੀ ਗੱਲ ਕਰਦਿਆਂ ਲੇਖਕ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪਟਰੋਲ, ਡੀਜ਼ਲ, ਰਸੋਈ ਗੈਸ ਤੇ ਹੋਰ ਜ਼ਰੂਰੀ ਵਸਤਾਂ ਦੇ ਰੇਟ ਵਧਣ ਨਾਲ਼ ਕਿਸਾਨ, ਵਪਾਰੀ, ਦੁਕਾਨਦਾਰ, ਮੁਲਾਜ਼ਮ ਅਤੇ ਮਜ਼ਦੂਰ ਆਦਿ ਤੋਂ ਬਿਨਾਂ ਆਮ ਨਾਗਰਿਕ ਦਾ ਜੀਣਾ ਵੀ ਹੋਰ ਦੁੱਭਰ ਹੋ ਗਿਆ ਹੈ। ਕੋਰੋਨਾ ਕਾਲ ਦੇ ਝੰਬੇ ਲੋਕ ਪੈਰਾਂ ਸਿਰ ਹੋਣ ਦੀ ਮਸਾਂ ਕੋਸ਼ਿਸ਼ ਕਰਦੇ ਹਨ ਪਰ ਲੱਕ ਤੋੜਵੀਂ ਮਹਿੰਗਾਈ ਸਿਰਾਂ 'ਤੇ ਹਥੌੜੇ ਵਾਂਗ ਵੱਜਦੀ ਹੈ। ਜੇ ਹਾਕਮ ਤੇ ਨੀਤੀਵਾਨ ਆਮ ਲੋਕਾਂ ਦੀ ਥਾਂ 'ਤੇ ਖ਼ੁਦ ਨੂੰ ਖੜ੍ਹਾ ਕੇ ਦੇਖਣ ਤਾਂ ਸ਼ਾਇਦ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਬਿਨਾਂ ਜ਼ਰੂਰੀ ਲੋੜਾਂ ਦੇ ਜ਼ਿੰਦਗੀ ਜਿਉਣਾ ਕਿੰਨਾ ਮੁਸ਼ਕਲ ਹੁੰਦਾ ਹੈ।

-ਕੇਂਦਰ ਨੂੰ ਵਧਾਏ ਭਾਅ ਦਾ ਚੋਣਾਂ 'ਚ ਭੁਗਤਣਾ ਪੈ ਸਕਦੈ ਖਮਿਆਜ਼ਾ : ਕਲਸੀ

ਦੁਕਾਨਦਾਰ ਅਬਰਿੰਦਰ ਸਿੰਘ ਕਲਸੀ ਨੇ ਪੈਟਰੋਲ ਅਤੇ ਗੈਸ ਸਿਲੰਡਰ ਦੇ ਭਾਅ 'ਚ ਕੀਤੇ ਗਏ ਵਾਧੇ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਪੈਟਰੋਲ, ਡੀਜ਼ਲ ਤੇ ਗੈਸ ਦੇ ਭਾਅ 'ਚ ਕੀਤੇ ਵਾਧੇ ਕਾਰਨ ਹੋਰ ਕਈ ਪਦਾਰਥਾਂ ਦੇ ਭਾਅ ਵੀ ਅਸਮਾਨ ਛੂਹਣ ਲੱਗੇ ਹਨ। ਉਨ੍ਹਾਂ ਕਿਹਾ ਕਿ ਹਰ ਰੋਜ਼ ਕੰਮ ਆਉਣ ਵਾਲੀ ਰਸੋਈ ਗੈਸ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੰੁਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਸਰਕਾਰ ਨੂੰ ਕਿਸੇ ਦੀ ਚਿੰਤਾ ਨਹੀਂ। ਇਕ ਪਾਸੇ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਤੇ ਦੂਜੇ ਪਾਸੇ ਵਧੀਆਂ ਕੀਮਤਾਂ ਖਿਲਾਫ ਧਰਨੇ ਮੁਜ਼ਾਹਰੇ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਹਾਲਾਤ ਨਾ ਸੰਭਾਲੇ ਗਏ ਤਾਂ ਇਸ ਦਾ ਖਮਿਆਜ਼ਾ ਸਰਕਾਰ ਨੂੰ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ।