ਸੰਜੀਵ ਗੁਪਤਾ, ਜਗਰਾਓਂ : ਸੂਬੇ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਪ੍ਰਬੰਧਾਂ ਦੇ ਦੌਰੇ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅੱਜ ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ’ਤੇ ਚੌਂਕੀਮਾਨ ਟੋਲ ਪਲਾਜ਼ਾ ਵਿਖੇ ਕਾਲੀਆਂ ਝੰਡੀਆਂ ਅਤੇ ਨਾਅਰੇਬਾਜ਼ੀ ਨਾਲ ਜ਼ੋਰਦਾਰ ਵਿਰੋਧ ਹੋਇਆ। ਹਾਲਾਂਕਿ ਪੁਲਿਸ ਫੋਰਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਫ਼ਲੇ ਦੇ ਨੇੜੇ ਨਹੀਂ ਲੱਗਣ ਦਿੱਤਾ ਪਰ ਧੁੱਪ ਵਿਚ ਖੜ੍ਹੇ ਪ੍ਰਦਰਸ਼ਨਕਾਰੀ ਲੰਮੇ ਇੰਤਜਾਰ ਤੋਂ ਬਾਅਦ ਸੁਖਬੀਰ ਬਾਦਲ ਦਾ ਵਿਰੋਧ ਕਰਕੇ ਵਾਪਸ ਪਰਤੇ।

ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੋਗਾ ਸਾਈਡ ਤੋਂ ਮੁੱਲਾਂਪੁਰ ਦਾਣਾ ਮੰਡੀ ਨੂੰ ਜਾ ਰਹੇ ਸਨ ਜਿਸ ਦੀ ਭਣਕ ਲੱਗਣ ’ਤੇ ਚੌਂਕੀਮਾਨ ਟੋਲ ਪਲਾਜ਼ਾ ’ਤੇ ਚੱਲ ਰਹੇ ਕਿਸਾਨੀ ਮੋਰਚੇ ਤੋਂ ਇਲਾਵਾ ਇਲਾਕੇ ਦੇ ਲੋਕ ਜਿਨ੍ਹਾਂ ਵਿਚ ਕਾਂਗਰਸੀ ਸਰਪੰਚ ਅਤੇ ਵਰਕਰ ਵੀ ਸ਼ਾਮਲ ਸਨ, ਚੌਂਕੀਮਾਨ ਟੋਲ ਪਲਾਜ਼ਾ ’ਤੇ ਜਾ ਪਹੁੰਚੇ।

ਉਨ੍ਹਾਂ ਦੇ ਇਕੱਠੇ ਹੋਣ ਦੀ ਸੂਚਨਾ ਮਿਲਣ ’ਤੇ ਮੁੱਲਾਂਪੁਰ ਦਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਪੁਲਿਸ ਫੋਰਸ ਸਮੇਤ ਆ ਪਹੁੰਚੇ ਅਤੇ ਉਨ੍ਹਾਂ ਪ੍ਰਦਰਸ਼ਨ ਲਈ ਕਾਲੀਆਂ ਝੰਡੀਆਂ ਲੈ ਕੇ ਇਕੱਠੇ ਹੋਏ ਲੋਕਾਂ ਨੂੰ ਇਕ ਸਾਈਡ ’ਤੇ ਖੜ੍ਹੇ ਹੋ ਕੇ ਰੋਸ ਪ੍ਰਗਟਾਉਣ ਲਈ ਰਾਜ਼ੀ ਕਰ ਲਿਆ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਜਦੋਂ ਚੋਣਾਂ ਨੇੜੇ ਆ ਗਈਆਂ ਹਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਗੁਨਾਹਗਾਰ ਆਪਣੇ ਮਹਿਲਾਂ ’ਚੋਂ ਸੜਕਾਂ ’ਤੇ ਆ ਗਏ ਹਨ ਪਰ ਹੁਣ ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਮੂੰਹ ਨਹੀਂ ਲਗਾਉਣਗੇ। ਇਸੇ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਦਾ ਕਾਫ਼ਲਾ ਚੌਂਕੀਮਾਨ ਪੁੱਜਾ ਤਾਂ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਉਂਦਿਆਂ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਵਿਰੋਧ ਕੀਤਾ।

Posted By: Jagjit Singh