ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ

ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ਼ ਧੁੱਪ ਤੇ ਵਗ ਰਹੀਆਂ ਗਰਮ ਹਵਾਵਾਂ ਕਾਰਨ ਤਾਪਮਾਨ 50 ਡਿਗਰੀ ਦੇ ਨੇੜੇ ਪੁੱਜ ਗਿਆ ਹੈ ਜਦਕਿ ਦੂਸਰੇ ਪਾਸੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਆਮ ਲੋਕਾਂ ਦੇ ਵੱਟ ਨਿਕਲੇ ਪਏ ਹਨ। ਅੱਜਕੱਲ੍ਹ ਚੱਲ ਰਹੀਆਂ ਤੱਤੀਆਂ ਹਵਾਵਾਂ ਕਾਰਨ ਆਮ ਜਨ ਜੀਵਨ 'ਤੇ ਭਾਰੀ ਅਸਰ ਹੋਇਆ ਹੈ। ਦੂਜੇ ਪਾਸੇ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ।

ਸ਼ਹਿਰ ਦੇ ਕੁਝ ਪਤਵੰਤੇ ਸੱਜਣ ਭੋਲਾ ਸਿੰਘ, ਕਾਲਾ ਸਿੰਘ, ਕਰਮਜੀਤ ਸਿੰਘ, ਸੋਹਣ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ, ਜਰਨੈਲ ਸਿੰਘ, ਮੋਹਨ ਸਿੰਘ, ਪਰਮਜੀਤ ਸਿੰਘ, ਗਗਨਦੀਪ ਸਿੰਘ, ਲਖਵੀਰ ਸਿੰਘ, ਭੁਪਿੰਦਰਜੀਤ ਸਿੰਘ, ਲਾਭ ਸਿੰਘ, ਹੀਰਾ ਸਿੰਘ, ਜਸਵੀਰ ਸਿੰਘ, ਸੁਖਵੀਰ ਸਿੰਘ, ਦਵਿੰਦਰ ਸਿੰਘ ਨੇ ਦੱਸਿਆ ਕਿ ਭਾਵੇ ਲੋਕਾਂ ਵਲੋ ਗਰਮੀ ਤੋਂ ਬਚਾਅ ਲਈ ਆਪੋ ਆਪਣੇ ਸਾਧਨ ਇਕੱਠੇ ਕੀਤੇ ਹੋਏ ਹਨ ਪਰ ਇਹ ਸਾਧਨ ਬਿਜਲੀ 'ਤੇ ਨਿਰਭਰ ਹਨ ਕਿਉਕਿ ਪਿਛਲੇ ਕੁਝ ਦਿਨਾਂ ਤੋਂ ਨਾ ਤਾਂ ਸ਼ਹਿਰ 'ਚ ਬਿਜਲੀ ਲਗਾਤਾਰ ਆ ਰਹੀ ਹੈ ਤੇ ਨਾ ਹੀ ਇਕਸਾਰ ਆ ਰਹੀ ਹੈ। ਇਸ ਕਰਕੇ ਜਿਹੜੇ ਲੋਕਾਂ ਵੱਲੋਂ ਏਸੀ ਲਾਏ ਗਏ ਹਨ ਉਹ ਹੁਣ ਠੱਪ ਹੋਣ ਦੇ ਬਰਾਬਰ ਹਨ ਜਦ ਕਿ ਕੂਲਰਾਂ ਅਤੇ ਪੱਖਿਆਂ ਦੀ ਹਵਾ ਵੀ ਨਾਂਹ ਦੇ ਬਰਾਬਰ ਹੀ ਹੈ। ਘਰਾਂ 'ਚ ਲਗਾਏ ਗਏ ਇਨਵਰਟਰ ਵੀ ਬਿਜਲੀ ਦਾ ਲੰਮਾ ਕੱਟ ਲੱਗਣ 'ਤੇ ਸਾਥ ਛੱਡ ਦਿੰਦੇ ਹਨ ਜਦ ਕਿ ਜਨਰੇਟਰ ਦਾ ਖੜਕਾ ਦੂਜੇ ਲੋਕਾਂ ਦੀ ਨੀਦ ਹਰਾਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਕਈ ਥਾਵਾਂ 'ਤੇ ਨਵੇਂ ਟਰਾਂਸਫਰਮ ਲੱਗਣ ਵਾਲੇ ਹਨ ਤੇ ਕਈ ਮੁਹੱਲਿਆਂ 'ਚ ਸਪਲਾਈ ਦੀ ਸਿਰਫ ਇੱਕ ਤਾਰ ਪਾ ਕੇ ਹੀ ਕੰਮ ਚਲਾਇਆ ਗਿਆ ਹੈ ਜਿਸ ਤੋਂ ਹੁਣ ਗਰਮੀ 'ਚ ਲੋਡ ਵੱਧਣ ਕਾਰਨ ਬਿਜਲੀ ਦੀ ਸਪਲਾਈ ਪੂਰੀ ਨਹੀਂ ਆ ਰਹੀ। ਲੋਕਾਂ ਵਲੋ ਬਿਜਲੀ ਦਫਤਰ 'ਚ ਜਾ ਕੇ ਅਫ਼ਸਰਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਜਾ ਰਹੀਆਂ ਹਨ ਪਰ ਬਿਜਲੀ ਅਧਿਕਾਰੀ ਲੋਕਾਂ ਨੂੰ ਲਾਰਿਆਂ ਤੋ ਸਿਵਾਏ ਕੁਝ ਹੱਥ ਪੱਲੇ ਨਹੀਂ ਫੜਾ ਰਹੇ। ਵਿਭਾਗ ਵੱਲੋਂ ਬਹੁਤ ਸਾਰੇ ਬੰਦੇ ਠੇਕੇ 'ਤੇ ਭਰਤੀ ਕੀਤੇ ਗਏ ਹਨ ਜਿਹੜੇ ਕਿ ਆਪਣੀ 8 ਘੰਟੇ ਦੀ ਡਿਊਟੀ ਦੇ ਪੈਸੇ ਵਿਭਾਗ ਤੋਂ ਲੈ ਕੇ ਬਾਕੀ ਵਾਧੂ ਸਮੇਂ ਦਾ ਕੰਮ ਲੋਕਾਂ ਤੋਂ ਮਨਮਰਜੀ ਦੇ ਪੈਸੇ ਲੈ ਕੇ ਉਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ। ਕਈ ਮੁਹੱਲਿਆਂ ਦੀ ਸਮੱਸਿਆ ਕਈ-ਕਈ ਮਹੀਨਿਆਂ ਤੋ ਲਟਕਦੀ ਆ ਰਹੀ ਹੈ ਤੇ ਲੋੜਵੰਦਾਂ ਵਲੋਂ ਜੇਕਰ ਅਰਜੀ ਦਿੱਤੀ ਜਾਂਦੀ ਹੈ ਤਾਂ ਉਸਦੀ ਕਾਪੀ ਸ਼ਿਕਾਇਤ ਕਰਤਾ ਨੂੰ ਰਿਸੀਵ ਕਰ ਕੇ ਨਹੀਂ ਦਿੱਤੀ ਜਾਂਦੀ। ਸੂਤਰਾਂ ਮੁਤਾਬਕ ਜੇਕਰ ਬਿਜਲੀ ਵਿਭਾਗ ਨੇ ਆਪਣੇ ਕੰਮ 'ਚ ਸੁਧਾਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਦੁੱਖੀ ਲੋਕਾਂ ਵਲੋ ਅਧਿਕਾਰੀਆਂ ਵਿਰੁੱਧ ਧਰਨਾ ਮੁਜਾਹਰਾ ਕੀਤਾ ਜਾ ਸਕਦਾ ਹੈ। ਇਨ੍ਹਾਂ ਸਾਰੇ ਪਤਵੰਤਿਆਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਉਹ 24 ਘੰਟੇ ਨਿਰੰਤਰ ਬਿਜਲੀ ਸਪਲਾਈ ਦੇਣ ਤੇ ਇਲਾਕੇ 'ਚ ਜਿੱਥੇ ਵੀ ਟਰਾਂਸਫਰਮ ਜਾਂ ਤਾਰਾਂ ਦੀ ਘਾਟ ਹੈ ਉਹ ਦੂਰ ਕੀਤੀ ਜਾਵੇ। ਜਦੋਂ ਵਿਭਾਗ ਦੇ ਐੱਸਡੀਓ ਅਮਨ ਗੁਪਤਾ ਨਾਲ ਗੱਲ ਕਰਨੀ ਚਾਹੀ ਤਾਂ ਵਾਰ- ਵਾਰ ਫੋਨ ਕਰਨ 'ਤੇ ਵੀ ਉਨਾਂ ਆਪਣਾ ਫੋਨ ਨਹੀ ਚੁੱਕਿਆ।