ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸਿਰਮੌਰ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਦੇਸ਼ਾਂ ਵਿਦੇਸ਼ਾਂ ਅੰਦਰ ਭਾਰੀ ਖੁਸ਼ੀ ਮਨਾਈ ਜਾ ਰਹੀ ਹੈ ਤੇ ਲੋਕਾਂ ਨੂੰ ਇਹ ਖੁਸ਼ੀ ਮਾਨ ਦੀ ਜਿੱਤ ਤੋਂ ਵਧੇਰੇ ਆਪ ਸਰਕਾਰ ਦੀ ਹਾਰ ਦੀ ਜਿਆਦਾ ਹੈ, ਕਿਉਂਕਿ ਪੰਜਾਬ ਦੇ ਇਤਿਹਾਸ 'ਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਸੂਬੇ ਦੇ ਲੋਕ ਤਿੰਨ ਮਹੀਨਿਆਂ 'ਚ ਹੀ ਸੱਤਾਧਾਰੀ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹੋਣ।

ਉਕਤ ਪ੍ਰਗਟਾਵਾ ਪੀਏਡੀਬੀ ਦੋਰਾਹਾ ਦੇ ਸਾਬਕਾ ਚੇਅਰਮੈਨ ਜਸਕਰਨਜੀਤ ਸਿੰਘ ਪਿੰਟੂ ਰੌਣੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸਾਨ ਵਿੰਗ ਹਲਕਾ ਪਾਇਲ ਦੇ ਪ੍ਰਧਾਨ ਦਰਸ਼ਨ ਸਿੰਘ ਰੌਣੀ ਨੇ ਕੀਤਾ। ਉਨ੍ਹਾਂ ਕਿਹਾ ਆਪ ਸਰਕਾਰ ਦੇ ਪਹਿਲੇ ਤਿੰਨ ਮਹੀਨਿਆਂ 'ਚ ਹੀ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਬੇਹਦ ਖਰਾਬ ਹੋ ਚੁੱਕੀ ਹੈ ਤੇ ਦਿਨ ਦਿਹਾੜੇ ਕਤਲ, ਲੁਟਾਂ-ਖੋਹਾਂ, ਕੁੱਟਮਾਰ ਤੇ ਹੋਰ ਵਾਰਦਾਤਾਂ ਵਾਪਰ ਰਹੀਆਂ ਹਨ ਪਰ ਆਪ ਸਰਕਾਰ ਇਸ 'ਤੇ ਕਾਬੂ ਪਾਉਣ 'ਚ ਫੇਲ੍ਹ ਸਾਬਤ ਹੋ ਚੁੱਕੀ ਹੈ। ਸੰਗਰੂਰ ਦੇ ਲੋਕਾਂ ਨੇ ਆਪ ਨੂੰ ਲੋਕ ਸਭਾ 'ਚ ਹਰਾਕੇ ਸੀਸ਼ਾ ਦਿਖਾਇਆ ਹੈ ਕਿ ਅਜੇ ਵੀ ਮੌਕਾ ਸੰਭਾਲ ਲਓ ਨਹੀਂ ਪੂਰੇ ਪੰਜਾਬ 'ਚ ਅਜਿਹੀ ਸਥਿਤੀ ਹੋਣ ਨੂੰ ਸਮਾਂ ਨਹੀਂ ਲੱਗਣਾ।