ਸੰਜੀਵ ਗੁਪਤਾ, ਜਗਰਾਓਂ

ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਇੱਥੇ ਵੀਰਵਾਰ ਨੂੰ ਪੁਲਿਸ ਤੇ ਪ੍ਰਸ਼ਾਸਨ ਨੇ ਮਾਸਕ ਨਾ ਲਾਉਣ ਵਾਲਿਆਂ ਦੇ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਸੜਕ 'ਤੇ ਥੁੱਕਣ ਵਾਲਿਆਂ ਦੇ ਵੀ ਧੜਾਧੜ ਚਲਾਨ ਕੱਟੇ ਗਏ।

ਐੱਸਐੱਸਪੀ ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ਾਂ 'ਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਤੇ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਡਾ. ਬਲਜਿੰਦਰ ਸਿੰਘ ਿਢੱਲੋਂ ਦੇ ਨਿਰਦੇਸ਼ਾਂ 'ਤੇ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਦੀ ਅਗਵਾਈ ਵਿਚ ਟੀਮਾਂ ਨੇ ਸ਼ਹਿਰ 'ਚ ਅੱਧੀ ਦਰਜਨ ਵੱਖੋ-ਵੱਖਰੀਆਂ ਥਾਵਾਂ 'ਤੇ ਨਾਕੇ ਲਾ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਹੈਰਾਨੀ ਦੀ ਗੱਲ ਇਹ ਸੀ ਕਿ ਕੋਰੋਨਾ ਦੇ ਖੌਫ ਅਤੇ ਪੁਲਿਸ, ਪ੍ਰਸ਼ਾਸਨ, ਸਿਹਤ ਵਿਭਾਗ ਵੱਲੋਂ ਮਾਸਕ ਪਾਉਣ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਬਾਵਜੂਦ ਲੋਕ ਸ਼ਰੇਆਮ ਬਿਨ੍ਹਾਂ ਮਾਸਕ ਤੋਂ ਬਾਜ਼ਾਰਾਂ ਵਿਚ ਘੁੰਮ ਰਹੇ ਸਨ। ਇਸ ਦੌਰਾਨ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਖੇਤੀਬਾੜੀ ਅਫਸਰ ਗੁਰਦੀਪ ਸਿੰਘ, ਇਲੈਕਸ਼ਨ ਸੈਲ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਗਰੇਵਾਲ, ਰੀਡਰ ਸੁਖਦੇਵ ਸਿੰਘ ਸ਼ੇਰਪੁਰੀ ਅਤੇ ਕੇਵਲ ਸਿੰਘ ਵਿਰਕ ਦੀ ਅਗਵਾਈ ਵਿਚ ਟੀਮਾਂ ਨੇ 45 ਵਿਅਕਤੀਆਂ ਦੇ ਜਿਨ੍ਹਾਂ ਵੱਲੋਂ ਮਾਸਕ ਨਹੀਂ ਪਾਇਆ ਸੀ ਅਤੇ ਸੜਕ 'ਤੇ ਥੁੱਕ ਰਹੇ ਸਨ, ਦੇ ਚਲਾਨ ਕੱਟਦਿਆਂ ਉਨ੍ਹਾਂ ਤੋਂ ਜੁਰਮਾਨੇ ਵਸੂਲੇ ਗਏ।

-ਬਾਕਸ-

-ਮਾਸਕ ਨਾ ਪਾਉਣ 'ਤੇ 200 ਅਤੇ ਥੁੱਕਣ 'ਤੇ ਕੀਤਾ 100 ਰੁਪਏ ਜੁਰਮਾਨਾ

ਐੱਸਡੀਐੱਮ ਡਾ. ਬਲਜਿੰਦਰ ਸਿੰਘ ਿਢੱਲੋਂ ਨੇ ਦੱਸਿਆ ਕਿ ਐਪੀਡੈਮਿਕ ਡਿਜੀਜ਼ ਐਕਟ 1897 ਦੇ ਸੈਕਸ਼ਨ 2, 3 ਅਤੇ 4 ਅਧੀਨ ਕੋਈ ਵਿਅਕਤੀ ਮਾਸਕ ਨਹੀਂ ਪਾਵੇਗਾ ਤਾਂ ਉਸ ਨੂੰ 200 ਰੁਪਏ ਜੁਰਮਾਨਾ ਹੋਵੇਗਾ। ਇਸੇ ਤਰ੍ਹਾਂ ਜਨਤਕ ਥਾਵਾਂ 'ਤੇ ਥੁੱਕਣ ਵਾਲੇ ਦਾ 100 ਰੁਪਏ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਕਾਂਤਵਾਸ ਕੀਤੇ ਵਿਅਕਤੀ ਵੱਲੋਂ ਏਕਾਂਤਵਾਸ ਦੀ ਉਲੰਘਣਾ ਕਰਨ 'ਤੇ 500 ਰੁਪਏ ਜੁਰਮਾਨਾ ਹੋਵੇਗਾ।