ਮੁਨੀਸ਼ ਸ਼ਰਮਾ, ਲੁਧਿਆਣਾ : ਪੰਜਾਬ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਇਕ ਮਾਰਚ ਤੋਂ ਕਈ ਪਾਬੰਦੀਆਂ ਦਾ ਐਲਾਨ ਕੀਤਾ ਹੈ। ਉੱਥੇ ਹੀ ਨਾਈਟ ਕਰਫ਼ਿਊ ਲਗਾਉਣ ਦਾ ਅਧਿਕਾਰ ਸਰਕਾਰ ਨੇ ਡਿਪਟੀ ਕਮਿਸ਼ਨਰਾਂ (DC) ਨੂੰ ਦਿੱਤਾ ਹੈ। ਹਾਲਾਂਕਿ ਹੁਣ ਤਕ ਨਾਈਟ ਕਰਫ਼ਿਊ ਦਾ ਐਲਾਨ ਤਾਂ ਨਹੀਂ ਹੋਇਆ, ਪਰ ਖਦਸ਼ਾ ਹੈ। ਇਸ ਦਾ ਸਿੱਧਾ ਅਸਰ ਮਾਰਚ-ਅਪ੍ਰੈਲ 'ਚ ਹੋਣ ਵਾਲੇ ਵਿਆਹ ਸਮਾਗਮਾਂ ਦੀ ਬੁਕਿੰਗ 'ਤੇ ਪੈ ਰਿਹਾ ਹੈ।

ਦੁਚਿੱਤੀ ਦੀ ਸਥਿਤੀ 'ਚ ਮੈਰਿਜ ਪੈਲੇਸ, ਹੋਟਲ ਮਾਲਕਾਂ 'ਤੇ ਸਮਾਗਮ ਕੈਂਸਲ ਕਰਨ ਜਾਂ ਰਾਤ ਦੀ ਬਜਾਏ ਸਵੇਰੇ ਸ਼ਿਫਟ ਕਰਨ ਜਾਂ ਮਹਿਮਾਨਾਂ ਦੀ ਗਿਣਤੀ ਘਟਾਉਣ ਬਾਰੇ ਪੁੱਛਗਿੱਛ ਵਧ ਗਈ ਹੈ। ਮੈਰਿਜ ਪੈਲੇਸ ਤੇ ਹੋਟਲ ਮਾਲਕ ਵੀ ਗਾਹਕ ਨੂੰ ਸਟੀਕ ਜਾਣਕਾਰੀ ਦੇਣ ਵਿਚ ਅਸਮਰੱਥ ਹਨ। ਗੱਲ ਲੁਧਿਆਣਾ ਦੇ ਮੈਰਿਜ ਪੈਲਸਾਂ ਦੀ ਕਰੀਏ ਤਾਂ ਸ਼ਹਿਰ 'ਚ 300 ਤੋਂ ਜ਼ਿਆਦਾ ਮੈਰਿਜ ਪੈਲੇਸ ਹਨ ਜਦਕਿ 100 ਦੇ ਕਰੀਬ ਹੋਟਲਾਂ 'ਚ ਵਿਆਹ ਹੁੰਦੇ ਹਨ।

ਮਾਰਚ ਮਹੀਨੇ ਵਿਆਹਾਂ ਦੇ ਦਿਨ ਘਟਣ ਕਾਰਨ ਬੇਸ਼ਕ ਵਿਆਹ ਘੱਟ ਹੋ ਰਹੇ ਹਨ ਪਰ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਮੁਤਾਬਿਕ ਮਾਰਚ ਵਿਚ ਰਾਤ ਵੇਲੇ 300 ਤੋਂ ਜ਼ਿਆਦਾ ਵਿਆਹਾਂ 'ਤੇ ਕਰਫਿਊ ਲੱਗਣ ਦੀ ਸੂਰਤ 'ਚ ਦੁਚਿੱਤੀ ਬਣੀ ਹੈ। ਉੱਥੇ ਹੀ ਕਈ ਮਹੀਨਿਆਂ ਬਾਅਦ ਅਪ੍ਰੈਲ 'ਚ ਵਿਆਹਾਂ ਦੇ ਕਈ ਸ਼ੁੱਭ ਮਹੂਰਤ ਹਨ। ਇਸ ਸਬੰਧੀ ਇੰਕੁਆਇਰੀ ਵੀ ਘਟ ਗਈ ਹੈ ਕਿਉਂਕਿ ਲੋਕਾਂ 'ਚ ਹਾਲੇ ਕੋਵਿਡ ਕਾਰਨ ਨਵੇਂ ਨਿਯਮਾਂ ਨੂੰ ਲੈ ਕੇ ਡਰ ਬਣਿਆ ਹੋਇਆ ਹੈ।

ਲੁਧਿਆਣਾ ਮੈਰਿਜ ਪੈਲੇਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੰਤ ਮੁਤਾਬਿਕ ਰਾਤ ਦੇ ਵਿਆਹਾਂ ਬਾਰੇ ਗੰਭੀਰ ਸਥਿਤੀ ਬਣ ਗਈ ਹੈ। ਲੁਧਿਆਣਾ 'ਚ ਮਾਰਚ ਮਹੀਨੇ 300 ਰਾਤ ਦੇ ਵਿਆਹ ਹਨ। ਜੇਕਰ ਰਾਤ ਦਾ ਕਰਫ਼ਿਊ ਲਗਦਾ ਹੈ ਤਾਂ ਇਸ ਦਾ ਨੁਕਸਾਨ ਸਹਿਣਾ ਪਵੇਗਾ। ਇਸ ਦੇ ਨਾਲ ਹੀ ਲੋਕ ਡਰ ਦੇ ਮਾਰੇ ਅਪ੍ਰੈਲ ਦੇ ਸ਼ੁੱਭ ਮਹੂਰਤ ਹੋਣ ਦੇ ਬਾਵਜੂਦ ਬੁਕਿੰਗ ਨਹੀਂ ਕਰਵਾ ਰਹੇ ਹਨ। ਸਰਕਾਰ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਤਾਂ ਜੋ ਇਸ ਸੈਕਟਰ ਨੂੰ ਭਾਰੀ ਘਾਟਾ ਨਾ ਸਹਿਣਾ ਪਵੇ। ਪੈਲੇਸ 'ਚ ਸਿਰਫ 100 ਇਨਡੋਰ ਤੇ 200 ਆਊਟਡੋਰ ਦੇ ਹਿਸਾਬ ਨਾਲ ਵਿਆਹ ਕਰਨ ਵਿਚ ਕਾਸਟਿੰਗ ਹੀ ਪੂਰੀ ਹੋ ਪਾਉਂਦੀ। ਅਜਿਹੇ ਵਿਚ ਆਉਣ ਵਾਲੇ ਦਿਨਾਂ 'ਚ ਪੈਲਸਾਂ ਲਈ ਇਹ ਬੇਹਦ ਮੁਸ਼ਕਲ ਸਮਾਂ ਹੈ।

ਪੰਜਾਬ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਮੁਤਾਬਿਕ ਸਰਕਾਰ ਵੱਲੋਂ ਗਾਈਡਲਾਈਨ ਜਾਰੀ ਕੀਤੀ ਜਾਣੀ ਚਾਹੀਦੀ ਹੈ। ਅਫ਼ਵਾਹਾਂ ਦੇ ਚੱਲਦੇ ਸਾਡਾ ਕੰਮ ਬੇਹਦ ਘਟ ਰਹਿ ਗਿਆ ਹੈ। ਹੋਟਲਤੇ ਰੈਸਟੋਰੈਂਟ ਵੱਲੋਂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਤੇ ਜੇਕਰ ਦੁਬਾਰਾ ਰਾਤ ਦਾ ਲਾਕਡਾਊਨ ਹੁੰਦਾ ਹੈ ਤਾਂ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।

Posted By: Seema Anand