ਸੰਜੀਵ ਗੁਪਤਾ, ਜਗਰਾਓਂ : ਡੇਅਰੀ ਤੇ ਖੇਤੀ ਦੀ ਖ਼ੁਸ਼ਹਾਲੀ ਦੀ ਸੁੱਖ ਮੰਗਦਾ 14ਵਾਂ ਅੰਤਰਰਾਸ਼ਟਰੀ ਪੀਡੀਐੱਫਏ ਡੇਅਰੀ ਅਤੇ ਖੇਤੀ ਐਕਸਪੋ 2019 ਸ਼ਨਿਚਰਵਾਰ ਨੂੰ ਦੇਸ਼ ਅਤੇ ਵਿਦੇਸ਼ਾਂ ਦੀ ਅਤੀ ਆਧੁਨਿਕ ਤਕਨੀਕ ਲੈ ਕੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਮੇਲੇ ਦਾ ਉਦਘਾਟਨ ਦੇਸ਼ ਅਤੇ ਵਿਦੇਸ਼ੀ ਮਹਿਮਾਨਾਂ ਨਾਲ ਕੇਂਦਰੀ ਕੈਬਨਿਟ ਮੰਤਰੀ ਗਿਰੀਰਾਜ ਸਿੰਘ, ਪੰਜਾਬ ਫ਼ਾਰਮਰਜ਼ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ, ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਸੰਸਥਾ ਦਾ ਝੰਡਾ ਲਹਿਰਾ ਕੇ ਕੀਤਾ।

ਐਕਸਪੋ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਪੀਡੀਐੱਫਏ ਵੱਲੋ ਪਿਛਲੇ 14 ਸਾਲਾਂ ਤੋਂ ਡੇਅਰੀ ਕਿੱਤੇ ਨੂੰ ਸਿਖਰਾਂ 'ਤੇ ਪਹੁੰਚਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਕਿਸਾਨ ਖ਼ੁਸ਼ਹਾਲ ਹੋਵੇਗਾ ਤਾਂ ਦੇਸ਼ ਅੱਗੇ ਵਧੇਗਾ। ਉਨ੍ਹਾਂ ਦੇਸ਼ ਦੇ, ਖਾਸਕਰ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ 'ਚੋਂ ਨਿਕਲ ਕੇ ਡੇਅਰੀ ਕਿੱਤੇ ਨੂੰ ਅਪਨਾਉਣ ਅਤੇ ਖੇਤਾਂ ਵਿੱਚ ਹਰਾ ਚਾਰਾ ਬੀਜਣ ਦੀ ਅਪੀਲ ਕੀਤੀ।

ਚੇਅਰਮੈਨ ਅਜੇਵੀਰ ਜਾਖੜ ਨੇ ਕਿਹਾ ਕਿ ਪੀਡੀਐੱਫਏ ਡੇਅਰੀ ਕਿੱਤੇ ਰਾਹੀਂ ਸੂਬੇ ਦੀ ਕਿਸਾਨੀ ਨੂੰ ਅਰਸ਼ 'ਤੇ ਲੈ ਕੇ ਜਾਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

ਕੇਂਦਰੀ ਮੰਤਰੀ ਗਿਰੀਰਾਜ ਅਤੇ ਚੈਅਰਮੈਨ ਅਜੇਵੀਰ ਜਾਖੜ ਨੇ ਮੇਲੇ ਮੌਕੇ ਲੱਗੀ ਪ੍ਰਦਰਸ਼ਨੀ ਅਤੇ ਸ਼ੁਰੂ ਹੋਏ ਪਸ਼ੂਆਂ ਦੇ ਮੁਕਾਬਲੇ ਦੇਖਣ ਉਪਰੰਤ ਕਿਹਾ ਕਿ ਪੀਡੀਐੱਫਏ ਮੇਲਾ ਅੰਤਰਰਾਸ਼ਟਰੀ ਪੱਧਰ ਦੀ ਦਿੱਖ ਵਾਲਾ ਮੇਲਾ ਹੈ। ਇਸ ਮੌਕੇ ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪਿਛਲੇ ਦੋ ਸਾਲ ਡੇਅਰੀ ਧੰਦੇ 'ਚ ਆਈ ਮੰਦੀ ਨੇ ਦਸ ਸਾਲ ਪਿੱਛੇ ਕਰ ਦਿੱਤਾ ਹੈ।

ਭਵਿੱਖ ਵਿਚ ਅਜਿਹੀ ਸਥਿਤੀ ਨਾਲ ਨਿਪਟਣ ਲਈ ਦੇਸ਼ ਦੀ ਸਰਕਾਰ ਨੂੰ ਦੁੱਧ ਦੇ ਰੇਟ ਨੂੰ ਲੈ ਕੇ ਕੋਈ ਠੋਸ ਨੀਤੀ ਤਿਆਰ ਕਰਨ ਦੀ ਲੋੜ ਹੈ। ਇਸ ਦੀ ਬੇਹਤਰੀ ਲਈ ਇਕ ਅਲੱਗ ਫੰਡ ਵੀ ਕਿਰੈਅਟ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਗਿਰੀਰਾਜ ਸਮੇਤ ਮਹਿਮਾਨਾਂ ਨੂੰ ਪੀਡੀਐੱਫਏ ਵੱਲੋਂ ਸਨਮਾਨਿਤ ਕੀਤਾ।

ਇਸ ਮੌਕੇ ਪ੍ਰੈੱਸ ਸਕੱਤਰ ਰੇਸ਼ਮ ਸਿੰਘ ਭੁੱਲਰ, ਆਗੂ ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਜਸਵਿੰਦਰ ਸਿੰਘ ਭੱਟੀ, ਸਰਪੰਚ ਸੁਖਪਾਲ ਸਿੰਘ ਵਰਪਾਲ, ਸੁਖਜਿੰਦਰ ਸਿੰਘ ਘੁੰਮਣ, ਬਲਜਿੰਦਰ ਸਿੰਘ ਸਠਿਆਲਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਸੁਖਰਾਜ ਸਿੰਘ ਗੁੜ੍ਹੇ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਸੇਰੋਂ, ਗੁਰਮੀਤ ਸਿੰਘ ਰੋਡੇ, ਅਵਤਾਰ ਸਿੰਘ ਥਾਂਪਲਾ, ਕੁਲਦੀਪ ਸਿੰਘ ਮਾਨਸਾ, ਗੁਰਬਖਸ਼ ਸਿੰਘ ਬਾਜੇਕੇ, ਮਨਜੀਤ ਸਿੰਘ ਮੋਹੀ, ਦਰਸ਼ਨ ਸਿੰਘ, ਸਿਕੰਦਰ ਸਿੰਘ, ਸੁਖਦੀਪ ਸਿੰਘ, ਅਮਰਿੰਦਰ ਸਿੰਘ, ਜਰਨੈੈਲ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਲੱਖਾ ਸਿੰਘ ਤਰਨਤਾਰਨ, ਗੀਤਇੰਦਰ ਸਿੰਘ ਬਠਿੰਡਾ ਆਦਿ ਹਾਜ਼ਰ ਸਨ।