ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਮਿੱਟੀ ਨੂੰ ਰੋਗਾਣੂ ਮੁਕਤ ਕਰਨ ਲਈ ਇੱਕ ਨਵੀਂ ਬਿਜਲਈ ਪ੍ਰਕਿਰਿਆ ਵਿਕਸਤ ਕੀਤੀ ਹੈ, ਜਿਸ ਨੂੰ ਹਾਲ ਹੀ ਵਿੱਚ ਪੇਟੈਂਟ ਦਿੱਤਾ ਗਿਆ ਹੈ। ਇਸ ਨਵੀਂ ਪਹਿਲ ਦੇ ਪਿੱਛੇ ਪਿਤਾ-ਪੁੱਤਰ ਦੀ ਜੋੜੀ ਪੌਦਾ ਰੋਗ ਵਿਭਾਗ ਦੇ ਸਹਾਇਕ ਪੋ੍ਫੈਸਰ ਡਾ: ਸੰਦੀਪ ਜੈਨ ਤੇ ਉਨਾਂ ਦੇ ਪਿਤਾ ਓਪੀ ਜੈਨ ਹਨ। ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਲਈ ਇਹ ਮਾਣ ਦੀ ਗੱਲ ਹੈ ਕਿ ਕਿਸੇ ਪੌਦਾ ਸੁਰੱਖਿਆ ਤਕਨੀਕ ਨੂੰ ਮਿਲਣ ਵਾਲਾ ਇਹ ਪਹਿਲਾ ਤੇ ਪੀਏਯੂ ਨੂੰ ਪ੍ਰਾਪਤ ਹੋਇਆ ਇਹ 13ਵਾਂ ਪੇਟੈਂਟ ਹੈ। ਇਸ ਤਕਨੀਕ ਨਾਲ ਪੌਦਿਆਂ ਦੀਆਂ ਬਿਮਾਰੀਆਂ ਦੇ ਗੈਰ-ਰਸਾਇਣਕ ਤੇ ਸਰਵਪੱਖੀ ਰੋਕਥਾਮ ਲਈ ਇੱਕ ਨਵੀਂ ਸੰਭਾਵਨਾ ਪੈਦਾ ਹੋਈ ਹੈ।

ਡਾ. ਜੈਨ ਨੇ ਦੱਸਿਆ ਕਿ ਮਿੱਟੀ ਰਾਹੀਂ ਫੈਲਣ ਵਾਲੀਆਂ ਪੌਦਿਆਂ ਦੀਆਂ ਬਿਮਾਰੀਆਂ ਜਿਵੇਂ ਕਿ ਪਨੀਰੀ ਦਾ ਮਰਨਾ, ਜੜ੍ਹ ਦਾ ਗਾਲਾ, ਜੜ੍ਹ-ਗੰਢ ਰੋਗ, ਕਾਲਰ ਰੋਟ, ਵਿਲਟ ਆਦਿ ਕਈ ਫਸਲਾਂ ਖਾਸ ਕਰਕੇ ਸਬਜ਼ੀ-ਅਧਾਰਤ ਫ਼ਸਲ ਪ੍ਰਣਾਲੀਆਂ ਵਿੱਚ ਗੰਭੀਰ ਚੁਣੌਤੀਆਂ ਖੜੀਆਂ ਕਰਦੇ ਹਨ।

ਪੌਲੀਹਾਊਸ ਜਾਂ ਨੈੱਟਹਾਉਸ ਅਧੀਨ ਸੁਰੱਖਿਅਤ ਖੇਤੀ ਵਿੱਚ ਅਜਿਹੀਆਂ ਮੁਸ਼ਕਲਾਂ ਹੋਰ ਵੀ ਵਧੇਰੇ ਹੁੰਦੀਆਂ ਹਨ ਤੇ ਕਈ ਵਾਰ ਫਸਲਾਂ ਦੀ ਪੂਰੀ ਅਸਫ਼ਲਤਾ ਦਾ ਕਾਰਨ ਬਣਦੀਆਂ ਹਨ। ਅਜਿਹੇ ਖਤਰਿਆਂ ਤੋਂ ਬਚਣ ਲਈ ਰੁਟੀਨ ਦੇ ਉਪਾਅ ਜਿਵੇਂ ਕਿ ਸਿੰਥੈਟਿਕ ਉੱਲੀਨਾਸ਼ਕ ਜਾਂ ਫਿਉਮਿਗੈਂਟਸ ਮਹਿੰਗੇ ਸਾਬਤ ਹੁੰਦੇ ਹਨ ਤੇ ਸੀਮਤ ਪ੍ਰਭਾਵ ਛੱਡਦੇ ਹਨ। ਇਸ ਦੇ ਨਾਲ ਹੀ ਇਹ ਵਾਤਾਵਰਨ ਬਾਰੇ ਖਤਰਨਾਕ ਪ੍ਰਭਾਵ ਛੱਡਦੇ ਹਨ। ਮੌਜੂਦਾ ਡਿਜ਼ਾਇਨ ਦੀ ਨਵੀਂ ਤਕਨੀਕ 'ਚ ਰੋਗਾਣੂਆਂ ਦੇ ਥਰਮਲ ਡੈਥ ਪੁਆਇੰਟ (ਤਾਪਮਾਨ ਜਿਸ 'ਤੇ ਸੂਖਮ ਜੀਵ ਮਰਦੇ ਹਨ) ਦੇ ਅਨੁਸਾਰ ਆਟੋਮੈਟਿਕ ਤਰੀਕੇ ਨਾਲ ਮਿੱਟੀ ਨੂੰ ਬਿਮਾਰੀ ਮੁਕਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਪ੍ਰਚਲਿਤ ਵਿਧੀਆਂ ਦੇ ਉਲਟ ਇਹ ਕਿਸੇ ਵੀ ਮੌਸਮ 'ਚ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਇਸ ਪੇਟੈਂਟ ਨੂੰ ਲੈਣ ਵਿੱਚ ਕੁੱਲ ਸੱਤ ਸਾਲ ਦਾ ਸਮਾਂ ਲੱਗਿਆ।

ਤਿੰਨ ਸਾਲਾਂ ਦੀ ਪ੍ਰਯੋਗਾਂ ਦੀ ਇੱਕ ਲੜੀ ਤੇ ਇਸ ਤੋਂ ਬਾਅਦ ਭਾਰਤ ਸਰਕਾਰ ਦੀ ਪੇਟੈਂਟ ਅਥਾਰਟੀ ਵੱਲੋਂ ਲਗਭਗ ਚਾਰ ਸਾਲਾਂ ਦੇ ਨਿਰੀਖਣ ਤੋਂ ਬਾਅਦ ਪੇਟੈਂਟ ਦਿੱਤਾ ਗਿਆ ਹੈ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਡੀਨ ਪੋਸਟ-ਗ੍ਰੈਜੂਏਟ ਅਧਿਐਨ ਡਾ: ਗੁਰਿੰਦਰ ਕੌਰ ਸਾਂਘਾ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਪੀਪੀਐੱਸ ਪੰਨੂ ਨੇ ਪੌਦਾ ਰੋਗ ਵਿਗਿਆਨ ਵਿਭਾਗ ਤੇ ਖੋਜੀਆਂ ਦੀ ਜੋੜੀ ਨੂੰ ਵਧਾਈ ਦਿੱਤੀ।