ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੇ ਇਸ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸਥਾਪਿਤ ਬੀਜ ਫਾਰਮਾਂ, ਖੇਤੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ 'ਤੇ ਝੋਨੇ ਤੇ ਬਾਸਮਤੀ ਦੇ ਬੀਜਾਂ ਦੀ ਵਿਕਰੀ ਕਿਸਾਨਾਂ ਲਈ ਉਪਲੱਬਧ ਹੈ। ਇਸ ਸਬੰਧੀ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਬਾਸਮਤੀ ਦੀ ਇਸ ਨਵੀਂ ਉੱਨਤ ਕਿਸਮ ਪੰਜਾਬ ਬਾਸਮਤੀ-7 ਜਿਸ ਦਾ ਔਸਤ ਝਾੜ 19 ਕੁਇੰਟਲ ਪ੍ਰਤੀ ਏਕੜ ਹੈ ਤੇ ਇਸ ਦੇ ਦਾਣਿਆਂ ਦੀ ਲੰਬਾਈ ਪੂਸਾ ਬਾਸਮਤੀ 1121 ਦੇ ਬਰਾਬਰ ਹੈ।

ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਝੋਨੇ ਦੀਆਂ ਉੱਨਤ ਕਿਸਮਾਂ ਪੀਆਰ 129, ਪੀਆਰ 128, ਪੀਆਰ 127, ਪੀਆਰ 126, ਪੀਆਰ 124, ਪੀਆਰ 122, ਪੀਆਰ 121, ਪੀਆਰ 114 ਅਤੇ ਐੱਚਕੇਆਰ 47 ਜਿਨ੍ਹਾਂ ਦਾ ਔਸਤ ਝਾੜ 30-31 ਕੁਇੰਟਲ ਪ੍ਰਤੀ ਏਕੜ ਹੈ ਤੇ ਬਾਸਮਤੀ ਦੀਆਂ ਕਿਸਮਾਂ ਪੂਸਾ ਬਾਸਮਤੀ 1121 ਤੇ ਪੂਸਾ ਬਾਸਮਤੀ 1509 ਦਾ ਬੀਜ ਉਪਲੱਬਧ ਹਨ।

ਹੋਰ ਫਸਲਾਂ ਦਾ ਮਿਆਰੀ ਬੀਜ ਵੀ ਸਾਰੇ ਕੇਂਦਰਾਂ ਉੱਤੇ ਮਿਲਦਾ ਹੈ। ਉਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀਜਾਂ ਦੀ ਦੁਕਾਨ ਪੂਰਾ ਹਫਤਾ ਖੁੱਲ੍ਹੀ ਰਹੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੀਜ ਲੈਣ ਲਈ ਜਾਣ ਤੋਂ ਪਹਿਲਾਂ ਜ਼ਿਲੇ ਦੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ। ਸੰਪਰਕ ਕਰਨ ਉਪਰੰਤ ਹੀ ਯੂਨੀਵਰਸਿਟੀ ਦੇ ਸਬੰਧਿਤ ਕੇਂਦਰ 'ਤੇ ਜਾਇਆ ਜਾਵੇ। ਇਸ ਦੌਰਾਨ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਕੀਤੀ ਜਾਵੇ।