ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਣਾਈ ਗਈ 'ਪੀਏਯੂ ਕਿਸਾਨ ਐਪ' ਕਿਸਾਨਾਂ ਲਈ ਬੇਹੱਦ ਲਾਭਕਾਰੀ ਹੈ ਜਿਸ ਨਾਲ ਕਿਸਾਨ ਸਿੱਧੇ ਤੌਰ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਸ ਐਪ ਦਾ ਡਾਟਾ ਪੀਏਯੂ ਵੱਲੋਂ ਹਰ ਰੋਜ਼ ਅਪਡੇਟ ਕੀਤਾ ਜਾਂਦਾ ਹੈ।

ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਸਿਫ਼ਾਰਸ਼ਾਂ ਦੀ ਤਕਰੀਬਨ ਸਾਰੀ ਜਾਣਕਾਰੀ ਇਸ ਐਪ ਵਿਚ ਦਿਤੀ ਹੋਈ ਹੈ। ਇਸ ਐਪ ਤੇ ਵੱਖ-ਵੱਖ ਕੀੜਿਆਂ, ਬਿਮਾਰੀਆਂ ਦੇ ਲੱਛਣਾਂ ਅਤੇ ਪੋਸ਼ਕ ਤੱਤਾਂ ਦੀ ਫ਼ਸਲਾਂ ਵਿੱਚ ਘਾਟ ਦੀਆਂ ਨਿਸ਼ਾਨੀਆਂ ਦੀਆਂ ਫੋਟੋਆਂ ਵੀ ਦੇਖੀਆਂ ਜਾ ਸਕਦੀਆਂ ਹਨ।

ਯੂਨੀਵਰਸਿਟੀ ਵੱਲੋਂ ਯੂ-ਟਿਊਬ ਤੇ ਜਾਰੀ ਕੀਤੇ ਵੀਡੀਓ ਮੋਬਾਈਲ ਫੋਨ 'ਤੇ ਇਸ ਐਪ ਦੀ ਵਰਤੋਂ ਰਾਹੀਂ ਦੇਖੇ ਜਾ ਸਕਦੇ ਹਨ। 'ਪੀਏਯੂ ਕਿਸਾਨ ਐਪ' ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਤਿਆਰ ਕੀਤੀ ਗਈ ਹੈ। ਇਸ ਨੂੰ ਗੂਗਲ ਪਲੇਅ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਰਜਿਸਟਰਡ ਮੋਬਾਈਲ ਨੰਬਰ ਤੇ ਵਨ ਟਾਈਮ ਪਾਸਵਰਡ ਦੇ ਜ਼ਰੀਏ ਲਾਗ ਇਨ ਕਰਕੇ ਇਹ ਐਪ ਖਪਤਕਾਰ ਦੇ ਮੋਬਾਈਲ ਦਾ ਹਿੱਸਾ ਬਣ ਜਾਂਦੀ ਹੈ ਅਤੇ ਇਸ ਤੋਂ ਬਾਅਦ ਖਪਤਕਾਰ ਇਸ ਐਪ ਰਾਹੀਂ ਸਿੱਧੇ ਤੌਰ ਤੇ ਯੂਨੀਵਰਸਿਟੀ ਨਾਲ ਜੁੜ ਜਾਂਦਾ ਹੈ।

ਇਸ ਤੋਂ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਿਹੜਾ ਬੀਜ ਕਿਹੜੇ ਕੇਂਦਰ ਤੇ ਮਿਲ ਰਿਹਾ ਹੈ, ਇਸ ਦਾ ਭਾਅ ਕੀ ਹੈ? ਇਹ ਐਪ ਖੇਤੀ ਨਾਲ ਸਬੰਧਤ ਜਾਣਕਾਰੀ ਜਿਵੇਂ ਵੱਖ-ਵੱਖ ਫ਼ਸਲਾਂ ਦੀਆਂ ਭਿੰਨ-ਭਿੰਨ ਕਿਸਮਾਂ, ਬਿਜਾਈ ਦਾ ਸਮਾਂ, ਬਿਮਾਰੀਆਂ ਅਤੇ ਕੀੜੇ-ਮਕੌੜੇ, ਉਨਾਂ ਦੀ ਰੋਕਥਾਮ ਅਤੇ ਖੇਤੀ ਮਸ਼ੀਨਰੀ ਆਦਿ ਬਾਰੇ ਨਵੀਨ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਦਾ ਮਾਧਿਅਮ ਬਣੀ ਹੈ।