ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ : ਬਿਜਲੀ ਵਿਭਾਗ ਵਲੋਂ ਪਿਛਲੇ 6 ਦਿਨਾਂ ਤੋਂ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਮਾਛੀਵਾੜਾ ਸਬ-ਤਹਿਸੀਲ ਦਫ਼ਤਰ ਦਾ ਕੁਨੈਕਸ਼ਨ ਕੱਟ ਦਿੱਤਾ ਹੈ ਜਿਸ ਕਾਰਨ ਜਿੱਥੇ ਲੋਕ ਤਾਂ ਪ੍ਰਰੇਸ਼ਾਨ ਹੋ ਰਹੇ ਹਨ ਉਥੇ ਦਫ਼ਤਰ 'ਚ ਕੰਮ ਕਰਨ ਵਾਲੇ ਪਟਵਾਰੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਨ੍ਹਾਂ ਹੜਤਾਲ ਕਰ ਦਿੱਤੀ ਹੈ। ਮਾਛੀਵਾੜਾ ਸਬ-ਤਹਿਸੀਲ 'ਚ ਕੰਮ ਕਰਦੇ ਕੀਮਤੀ ਲਾਲ, ਹਰਮਨ ਸਿੰਘ, ਪਿ੍ਰਤਪਾਲ ਸਿੰਘ ਵਿਰਕ ਨੇ ਦੱਸਿਆ ਕਿ ਬਿਜਲੀ ਕੁਨੈੱਕਸ਼ਨ ਕੱਟੇ ਜਾਣ ਕਾਰਨ ਉਨ੍ਹਾਂ ਦੇ ਦਫ਼ਤਰ 'ਚ ਲਾਈਟ ਨਾ ਹੋਣ ਕਾਰਨ ਨਾ ਪੱਖੇ ਚੱਲਦੇ ਹਨ ਤੇ ਨਾ ਹੀ ਰੌਸ਼ਨੀ ਦਾ ਪ੍ਰਬੰਧ ਹੈ। ਪਟਵਾਰੀਆਂ ਅਨੁਸਾਰ ਅੱਜਕੱਲ੍ਹ ਹੁੰਮਸ ਭਰੀ ਗਰਮੀ ਤੇ ਉਪਰੋਂ ਬਿਜਲੀ ਨਾ ਹੋਣ ਕਾਰਨ ਦਫ਼ਤਰਾਂ 'ਚ ਬੈਠ ਕੇ ਕੰਮ ਕਰਨਾ ਸੰਭਵ ਨਹੀਂ ਇਸ ਲਈ ਜਦੋਂ ਤੱਕ ਬਿਜਲੀ ਦਾ ਪ੍ਰਬੰਧ ਨਹੀਂ ਹੋ ਜਾਂਦਾ ਉਨ੍ਹਾਂ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। ਪਟਵਾਰੀਆਂ ਅਨੁਸਾਰ ਪੰਜਾਬ ਸਰਕਾਰ ਦਾ ਮਾਲ ਵਿਭਾਗ ਸਰਕਾਰੀ ਖ਼ਜਾਨੇ 'ਚ ਰੋਜ਼ਾਨਾ ਕਰੋੜਾਂ ਰੁਪਏ ਜਮ੍ਹਾਂ ਕਰਵਾਉਂਦਾ ਹੈ ਪਰ ਉਸਦੇ ਹੀ ਦਫ਼ਤਰ ਦੀ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਕੱਟ ਦੇਣਾ ਬਹੁਤ ਹੀ ਮੰਦਭਾਗਾ ਹੈ ਇਸ ਲਈ ਉਹ ਸਰਕਾਰ ਅੱਗੇ ਮੰਗ ਕਰਦੇ ਹਨ ਕਿ ਤੁਰੰਤ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਦੂਸਰੇ ਪਾਸੇ ਮਾਛੀਵਾੜਾ ਸਬ-ਤਹਿਸੀਲ 'ਚ ਕੰਮ ਕਰਵਾਉਣ ਆਉਂਦੇ ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਅਤੇ ਪਟਵਾਰੀਆਂ ਦੀ ਹੜਤਾਲ ਹੋਣ ਕਾਰਨ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ। ਇਸ ਤੋਂ ਇਲਾਵਾ ਲਾਕਡਾਊਨ ਤੇ ਕੋਰੋਨਾ ਕਾਰਨ ਪਿੰਡਾਂ ਦੇ ਲੋਕ ਪਹਿਲਾਂ ਹੀ ਪਰੇਸ਼ਾਨੀ ਝੱਲ ਰਹੇ ਹਨ। ਲੋਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਮਾਲ ਵਿਭਾਗ ਦੇ ਹਰੇਕ ਕੰਮ ਦੀਆਂ ਫੀਸਾਂ ਦੁੱਗਣੀਆਂ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਜਨਤਾ ਦੀ ਜੇਬ 'ਤੇ ਕਰੋੜਾਂ ਦਾ ਬੋਝ ਪਿਆ ਪਰ ਇਸ ਦੇ ਬਾਵਜ਼ੂਦ ਵੀ ਸਰਕਾਰ ਦੇ ਇਸ ਵਿਭਾਗ ਕੋਲ ਬਿਜਲੀ ਬਿੱਲ ਦੀ ਅਦਾਇਗੀ ਕੇਵਲ 3 ਲੱਖ ਰੁਪਏ ਨਾ ਹੋਣਾ ਬਹੁਤ ਹੀ ਸ਼ਰਮਨਾਕ ਹੈ। ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੇ ਦੱਸਿਆ ਕਿ ਬਿਜਲੀ ਬਿੱਲ ਕੱਟੇ ਜਾਣ ਤੇ ਇਸ ਦੀ ਅਦਾਇਗੀ ਸਬੰਧੀ ਉਚ ਅਧਿਕਾਰੀਆਂ ਨੂੰ ਪੰਜ ਦਿਨ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਜਰਨੇਟਰ ਚਲਾ ਕੇ ਰਜਿਸਟਰੀਆਂ ਦਾ ਕੰਮ ਚਲਾਇਆ ਜਾ ਰਿਹਾ ਹੈ ਤਾਂ ਜੋ ਸਰਕਾਰ ਦਾ ਮਾਲੀਆ ਨੁਕਸਾਨ ਨਾ ਹੋਵੇ ਪਰ ਹੁਣ ਪਟਵਾਰੀਆਂ ਦੀ ਹੜਤਾਲ ਕਾਰਨ ਲੋਕ ਪ੍ਰਰੇਸ਼ਾਨ ਹੋ ਰਹੇ ਹਨ ਜਿਸ ਲਈ ਉਹ ਜਲਦ ਹੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਬਿੱਲ ਦੀ ਅਦਾਇਗੀ ਲਈ ਯਤਨ ਕਰਨਗੇ।