ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਰਾਹ 'ਚ ਘੇਰ ਕੇ ਕੁੱਟਮਾਰ ਕਰਨ ਤੇ ਧਮਕੀਆਂ ਦੇਣ ਵਾਲੇ ਦੋ ਭਰਾਵਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਕੇਸ ਦੀ ਪੜਤਾਲ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਅਨੁਸਾਰ ਗਗਨਦੀਪ ਸਿੰਘ ਵਾਸੀ ਢੱਟ ਨੇ ਦੱਸਿਆ 30 ਸਤੰਬਰ ਨੂੰ ਜਦੋਂ ਉਸ ਦਾ ਭਰਾ ਸੰਦੀਪ ਸਿੰਘ ਉਰਫ ਸੀਪਾ ਜਿਹੜਾ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਹੈ, ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ ਰਾਜਵੀਰ ਸਿੰਘ ਉਰਫ ਰਾਜਾ ਤੇ ਸਿਮਰਨਜੀਤ ਸਿੰਘ ਪੁੱਤਰਾਨ ਸੁਖਦੇਵ ਸਿੰਘ ਵਾਸੀਆਨ ਪਿੰਡ ਢੱਟ ਨੇ ਪੰਡੋਰੀ ਰੋਡ 'ਤੇ ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਜਦੋਂ ਉਸ ਨੇ ਘਰ ਆ ਕੇ ਉਸ ਨੂੰ ਸਾਰੀ ਗੱਲਬਾਤ ਦੱਸੀ ਤਾਂ ਉਹ ਉਕਤ ਦੇ ਘਰ ਉਲਾਂਭਾ ਦੇਣ ਜਾ ਰਹੇ ਸੀ ਤਾਂ ਪਹਿਲਾਂ ਹੀ ਰਸਤੇ 'ਚ ਖੜ੍ਹੇ ਰਾਜਵੀਰ ਸਿੰਘ ਉਰਫ ਰਾਜਾ ਜਿਸ ਦੇ ਹੱਥ 'ਚ ਡਾਂਗ ਤੇ ਸਿਮਰਨਜੀਤ ਸਿੰਘ ਜਿਸ ਦੇ ਹੱਥ 'ਚ ਕਿਰਚ ਸੀ, ਨੇ ਉਨ੍ਹਾਂ ਦੋਵਾਂ ਭਰਾਵਾਂ 'ਤੇ ਹਮਲਾ ਕਰਕੇ ਸੱਟਾਂ ਮਾਰੀਆਂ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਦੋਵੇਂ ਉਕਤ ਭਰਾਵਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।