ਜੇਐੱਨਐੱਨ, ਖੰਨਾ : ਜਾਗਰਣ 'ਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਭਾਰਤ 'ਚ ਸਿਆਸੀ ਪਨਾਹ ਦੀ ਮੰਗ ਕਰਨ ਵਾਲੇ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਸੁਰਖੀਆਂ 'ਚ ਆ ਗਏ ਹਨ। ਬਲਦੇਵ ਕੁਮਾਰ ਨੂੰ ਮਿਲਣ ਮੰਗਲਵਾਰ ਨੂੰ ਭਾਜਪਾ ਦੇ ਸਥਾਨਕ ਆਗੂ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਸਲਾਹ ਦੇ ਦਿੱਤੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਮਰਾਨ ਖ਼ਾਨ ਨੂੰ ਨਹੀਂ ਜਾਣਦੇ, ਇਮਰਾਨ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿਉਂਕਿ ਉਹ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਵਿਧਾਇਕ ਰਹੇ ਹਨ।

ਬਲਦੇਵ ਨੇ ਕਿਹਾ ਕਿ ਇਮਰਾਨ ਖ਼ਾਨ ਪਾਕਿਸਤਾਨ ਨੂੰ ਟੈਰਰਿਸਟ ਸਟੇਟ ਬਣਾਉਣਾ ਚਾਹੁੰਦੇ ਹਨ। ਜੇਕਰ ਇਹ ਨਵਾਂ ਪਾਕਿਸਤਾਨ ਹੈ ਤਾਂ ਇਹ ਪਾਕਿਸਤਾਨ ਇਮਰਾਨ ਨੂੰ ਹੀ ਮੁਬਾਰਕ। ਬਲਦੇਵ ਨੇ ਭਾਰਤੀ ਸਿੱਖਾਂ ਨੂੰ ਵੀ ਸੰਦੇਸ਼ ਦਿੱਤਾ। ਕਿਸੇ ਧਰਮ ਵਿਸ਼ੇਸ਼ ਦਾ ਨਾਂ ਲਏ ਬਗ਼ੈਰ ਕਿਹਾ ਕਿ ਭਾਰਤ ਦੇ ਸਿੱਖਾਂ ਨੂੰ ਇਹ ਸਮਝਣਾ ਚਾਹੀਦੈ ਕਿ ਜਿਹੜੇ ਲੋਕ ਸਾਡੇ ਗੁਰੂਆਂ ਦੇ ਨਹੀਂ ਹੋਏ, ਉਹ ਸਾਡੇ ਕੀ ਹੋਣਗੇ। ਬਲਦੇਵ ਨੇ ਕਿਹਾ ਕਿ ਗੁਰਦੁਆਰਿਆਂ 'ਚ ਪਾਠ ਤੇ ਅਰਦਾਸ ਦੌਰਾਨ ਬਿਜਲੀ ਸਪਲਾਈ ਬੰਦ ਕਰਨ ਵਾਲੀ ਪਾਕਿਸਤਾਨੀ ਕੌਮ ਘੱਟ ਗਿਣਤੀਆਂ ਨੂੰ ਹੇਠਲੇ ਦਰਜੇ ਦੇ ਨਾਗਰਿਕ ਵਜੋਂ ਦੇਖਦੀ ਹੈ।

ਭਾਜਪਾ ਆਗੂ ਮਿਲਣ ਪਹੁੰਚੇ

ਜਾਗਰਣ ਦੀ ਖ਼ਬਰ ਤੋਂ ਬਾਅਦ ਬਲਦੇਵ ਕੁਮਾਰ ਨੂੰ ਮਿਲਣ ਮੰਗਲਵਾਰ ਸਵੇਰੇ ਹੀ ਭਾਜਪਾ ਦੇ ਸਥਾਨਕ ਆਗੂ ਪਹੁੰਚੇ। ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਡਾ. ਸੋਮੇਸ਼ ਬੱਤਰਾ, ਕੌਂਸਲਰ ਸੁਧੀਰ ਸੋਨੂੰ, ਭਾਜਯੂਮੋ ਸੂਬਾ ਕੈਸ਼ੀਅਰ ਰਮਰੀਸ਼ ਵਿਜ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਮਨੋਜ ਘਈ ਨੇ ਬਲਦੇਵ ਦੀ ਆਵਾਜ਼ ਕੇਂਦਰ ਸਰਕਾਰ ਤਕ ਪਹੁੰਚਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਥੈਲੇਸੀਮੀਆ ਨਾਲ ਪੀੜਤ ਬਲਦੇਵ ਦੀ ਬੇਟੀ ਰੀਆ ਦੇ ਇਲਾਜ 'ਚ ਵੀ ਉਹ ਹਰ ਸੰਭਵ ਮਦਦ ਕਰਨਗੇ।

ਪਿਛਲੇ ਮਹੀਨੇ ਪਹੁੰਚੇ ਸੀ ਖੰਨਾ

ਬਲਦੇਵ ਕੁਮਾਰ ਪਿਛਲੇ ਮਹੀਨੇ ਖੰਨਾ (ਲੁਧਿਆਣਾ) ਪਹੁੰਚੇ। ਇਸ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਆਪਣੇ ਪਰਿਵਾਰ ਨੂੰ ਇੱਥੇ ਭੇਜ ਦਿੱਤਾ ਸੀ। ਬਲਦੇਵ ਹੁਣ ਵਾਪਸ ਨਹੀਂ ਆਉਣਾ ਚਾਹੁੰਦੇ ਤੇ ਭਾਰਤ 'ਚ ਪਨਾਹ ਲਈ ਛੇਤੀ ਹੀ ਅਪਲਾਈ ਕਰਨਗੇ। ਸਹਿਜਧਾਰੀ ਸਿੱਖ ਬਲਦੇਵ ਦਾ ਕਹਿਣਾ ਹੈ ਕਿ ਘੱਟ ਗਿਣਤੀਆਂ 'ਤੇ ਪਾਕਿਸਤਾਨ 'ਚ ਜ਼ੁਲਮ ਹੋ ਰਹੇ ਹਨ। ਹਿੰਦੂ ਤੇ ਸਿੱਖ ਆਗੂਆਂ ਨੂੰ ਕਤਲ ਕੀਤਾ ਜਾ ਰਿਹਾ ਹੈ। ਸਾਲ 2016 'ਚ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੇ ਸਿਟਿੰਗ ਐੱਮਪੀ ਦੀ ਹੱਤਿਆ ਹੋ ਗਈ। ਉਸ ਦੀ ਹੱਤਿਆ ਦੇ ਝੂਠੇ ਦੋਸ਼ 'ਚ ਉਨ੍ਹਾਂ ਨੂੰ ਦੋ ਸਾਲ ਜੇਲ੍ਹ 'ਚ ਰੱਖਿਆ ਗਿਆ। ਉਹ ਇਸ ਮਾਮਲੇ 'ਚ 2018 'ਚ ਬਰੀ ਹੋਏ।

ਸਿਰਫ਼ 36 ਘੰਟੇ ਰਹੇ ਵਿਧਾਇਕ

ਬਲਦੇਵ ਸਿੰਘ 'ਤੇ 2016 'ਚ ਆਪਣੀ ਹੀ ਪਾਰਟੀ ਦੇ ਵਿਧਾਇਕ ਸੂਰਣ ਸਿੰਘ ਦੀ ਹੱਤਿਆ ਦਾ ਦੋਸ਼ ਲੱਗਿਆ। ਉਨ੍ਹਾਂ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ। ਪਾਕਿਸਤਾਨੀ ਕਾਨੂੰਨ ਮੁਤਾਬਿਕ ਜੇਕਰ ਵਿਧਾਇਕ (ਪਾਕਿਸਤਾਨ 'ਚ ਇਨ੍ਹਾਂ ਨੂੰ ਐੱਮਪੀਏ ਕਿਹਾ ਜਾਂਦਾ ਹੈ) ਦੀ ਮੌਤ ਹੋ ਜਾਵੇ ਤਾਂ ਇਸੇ ਪਾਰਟੀ ਦੇ ਦੂਸਰੇ ਨੰਬਰ 'ਤੇ ਰਹਿਣ ਵਾਲੇ ਉਮੀਦਵਾਰ ਨੂੰ ਵਿਧਾਇਕ ਬਣਾ ਦਿੱਤਾ ਜਾਂਦਾ ਹੈ। ਹੱਤਿਆ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ 'ਚ ਸੁੱਟ ਦੇਣ ਕਾਰਨ ਉਹ ਐੱਮਪੀਏ ਦੀ ਸਹੁੰ ਨਹੀਂ ਚੁੱਕ ਸਕੇ। ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਗਿਆ। ਉਹ ਵਿਧਾਨ ਸਭਾ 'ਚ ਸਹੁੰ ਚੁੱਕਣ ਤੋਂ ਲੈ ਕੇ 36 ਘੰਟੇ ਲਈ ਵਿਧਾਇਕ ਰਹੇ।

Posted By: Seema Anand