ਸਟਾਫ ਰਿਪੋਰਟਰ, ਜਗਰਾਓਂ : ਸਥਾਨਕ ਪਿੰਡ ਡੱਲਾ 'ਚ ਝੋਨੇ ਦੀ ਖਰੀਦ ਜ਼ੋਰਾਂ 'ਤੇ ਚੱਲ ਰਹੀ ਹੈ। ਦੋ ਦਿਨਾਂ ਵਿਚ ਖਰੀਦ ਏਜੰਸੀਆਂ ਵੱਲੋਂ 10 ਹਜ਼ਾਰ ਬੋਰੀ ਰਿਕਾਰਡ ਝੋਨਾ ਖਰੀਦਿਆ ਗਿਆ ਹੈ। ਇਹ ਦਾਅਵਾ ਪਿੰਡ ਡੱਲਾ ਦੇ ਸਰਪੰਚ ਨਿਰਮਲ ਸਿੰਘ ਡੱਲਾ ਨੇ ਅੱਜ ਮੰਡੀ ਦੇ ਦੌਰੇ ਦੌਰਾਨ ਕੀਤਾ।

ਉਨ੍ਹਾਂ ਇਸ ਦੌਰੇ ਦੌਰਾਨ ਝੋਨੇ ਦੀ ਖ਼ਰੀਦ ਜ਼ੋਰਾਂ 'ਤੇ ਹੋਣ ਦੀ ਬਕਾਇਦਾ ਵੀਡੀਓ ਜਾਰੀ ਕਰਦਿਆਂ ਬੀਤੀ ਕੱਲ੍ਹ ਅਕਾਲੀ ਦਲ ਵੱਲੋਂ ਮੰਡੀ 'ਚ ਝੋਨੇ ਦੀ ਖਰੀਦ ਨਾ ਹੋਣ ਦੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਨੂੰ ਚਲਦੇ ਕੰਮ ਵਿਚ ਲੱਤ ਨਾ ਅੜਾਉਣ ਦੀ ਸਲਾਹ ਦਿੱਤੀ। ਸਰਪੰਚ ਡੱਲਾ ਨੇ ਕਿਹਾ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੀ ਅਗਵਾਈ ਵਿਚ ਬਹੁਤ ਬਿਹਤਰ ਖਰੀਦ ਪ੍ਰਬੰਧ ਚੱਲ ਰਹੇ ਹਨ। ਚੇਅਰਮੈਨ ਦੇ ਉਦਮ ਸਦਕਾ ਡੱਲਾ ਮੰਡੀ ਵਿਚ ਮਾਰਕੀਟ ਕਮੇਟੀ ਵੱਲੋਂ ਜਿੱਥੇ ਤਮਾਮ ਪ੍ਰਬੰਧ ਕੀਤੇ ਗਏ ਹਨ, ਉਥੇ ਮੰਡੀ ਵਿਚ ਪੰਜਾਬ ਸਰਕਾਰ ਦੀਆਂ ਦੋ ਖਰੀਦ ਏਜੰਸੀਆਂ ਪਨਸਪ ਅਤੇ ਮਾਰਕਫੈਡ ਰੋਜਾਨਾ ਖਰੀਦ ਕਰ ਰਹੀਆਂ ਹਨ। ਉਨ੍ਹਾਂ ਮੰਨਿਆ ਝੋਨੇ ਦੀ ਨਮੀ 17 ਦੀ ਥਾਂ 18 ਤੋਂ 20 ਫ਼ੀਸਦੀ ਹੋਣੀ ਸਮੇਂ ਦੀ ਲੋੜ ਹੈ ਪਰ ਇਸ ਦੀ ਆੜ ਵਿਚ ਮੰਡੀ 'ਚ ਚੱਲ ਰਹੇ ਵਧੀਆ ਖਰੀਦ ਪ੍ਰਬੰਧਾਂ ਨੂੰ ਵਿਰੋਧੀਆਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਜਿਥੋਂ ਤਕ ਰਹੀ ਕਿਸਾਨੀ ਸੰਘਰਸ਼ ਦੀ ਗੱਲ ਤਾਂ ਉਹ ਵੀ ਝੋਨੇ ਦੀ ਖਰੀਦ ਦੇ ਬੇਹਤਰ ਢੰਗ ਨਾਲ ਚੱਲਦੀ ਰਹੇ ਲਈ ਕਿਸਾਨੀ ਨਾਲ ਹਨ ਪਰ ਅਕਾਲੀ ਦਲ ਨੂੰ ਬੇਵਜ੍ਹਾ ਸਿਆਸਤ ਨਹੀਂ ਕਰਨ ਦਿੱਤੀ ਜਾਵੇਗੀ।