ਸਰਵਣ ਸਿੰਘ ਭੰਗਲਾਂ, ਸਮਰਾਲਾ

ਇੱਥੋਂ ਦੇ ਮੁੱਖ ਚੌਂਕ 'ਚੋਂ ਨਿੱਤ ਲੰਘਦੇ ਓਵਰਲੋਡ ਟਿੱਪਰ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਸ਼ਰੇਆਮ ਉਡਾ ਰਹੇ ਹਨ। ਇਨ੍ਹਾਂ ਓਵਰਲੋਡ ਟਿੱਪਰਾਂ 'ਚ ਟੀਸੀ ਬਣਾ ਕੇ ਨੱਕੋ-ਨੱਕ ਲੱਦਿਆ ਰੇਤ ਹਵਾ ਨਾਲ ਉੱਡ ਕੇ ਟਿੱਪਰਾਂ ਦੇ ਪਿੱਛੇ ਆ ਰਹੇ ਦੋ ਪਹੀਆ ਸਵਾਰਾਂ ਦੇ ਅੱਖਾਂ 'ਚ ਪੈਣ ਨਾਲ ਸੜਕੀ ਹਾਦਸੇ ਵਾਪਰਨ ਦੇ ਖ਼ਦਸ਼ਿਆਂ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ।

ਜ਼ਿਕਰਯੋਗ ਹੈ ਕਿ ਸਮਰਾਲਾ ਦੇ ਮੁੱਖ ਚੌਕ ਦੇ ਨਾਲ ਟਰੈਿਫ਼ਕ ਪੁਲਿਸ ਦਾ ਦਫਤਰ ਵੀ ਸਥਿਤ ਹੈ ਪਰ ਪੁਲਿਸ ਦੀ ਨੱਕ ਥੱਲਿਓਂ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਬੇਖੌਫ਼ ਹੋ ਕੇ ਲੰਘਦੇ ਇਹ ਟਿੱਪਰ ਮਹਿਕਮੇ ਤੇ ਮਾਫੀਆ ਦੀ ਕਿਸੇ ਆਪਸੀ ਮਿਲੀਭੁਗਤ ਵੱਲ ਇਸ਼ਾਰਾ ਕਰ ਰਹੇ ਹਨ। ਸਮਰਾਲੇ ਤੋਂ ਖੰਨੇ ਜਾਣ ਵਾਲੇ ਨਿੱਤ ਦੇ ਰਾਹਗੀਰਾਂ ਨਿਰਮਲ ਸਿੰਘ ਉਟਾਲਾਂ, ਡਾ. ਮਨਜੀਤ ਸਿੰਘ ਬਰਧਾਲਾਂ, ਮਨਪ੍ਰਰੀਤ ਕੌਰ ਫੈਸ਼ਨ ਡਿਜ਼ਾਇਨਰ ਬਾਠ ਬੂਟੀਕ, ਮਨਪ੍ਰਰੀਤ ਸਿੰਘ ਸ਼ਮਸ਼ਪੁਰ, ਮਾਸਟਰ ਅਵਤਾਰ ਸਿੰਘ ਕੋਟਲਾ ਸ਼ਮਸ਼ਪੁਰ, ਬਲਤੇਜ ਸਿੰਘ ਬੱਲਾ ਸਲੌਦੀ ਤੇ ਜਤਿੰਦਰ ਸਿੰਘ ਝੱਲੀ ਮਾਣਕੀ ਨੇ ਦੱਸਿਆ ਕਿ ਜਦੋਂ ਇਹ ਟਿੱਪਰ ਤੇਜ਼ ਸਪੀਡ ਨਾਲ ਉਨ੍ਹਾਂ ਦੇ ਮੋਟਰਸਾਈਕਲਾਂ ਨੂੰ ਓਵਰਟੇਕ ਕਰਦੇ ਹਨ ਤਾਂ ਸਾਰਾ ਚਿਹਰਾ ਰੇਤ ਨਾਲ ਭਰ ਜਾਂਦਾ ਹੈ ਅਤੇ ਅੱਖਾਂ 'ਚ ਰੇਤ ਪੈਣ ਕਰਕੇ ਉਨ੍ਹਾਂ ਨੂੰ ਆਪਣਾ ਵਾਹਨ ਤੁਰੰਤ ਰੋਕਣਾ ਪੈਂਦਾ ਹੈ ਕਈ ਵਾਰ ਚਾਰੇ ਪਾਸਿਓਂ ਟਰੈਿਫ਼ਕ ਲੰਘਣ ਕਰਕੇ ਜੇ ਉਹ ਆਪਣਾ ਵਾਹਨ ਮਜਬੂਰੀ ਵੱਸ ਨਹੀਂ ਰੋਕਦੇ ਤਾਂ ਵਾਹਨ ਦਾ ਸੰਤੁਲਨ ਵਿਗੜਨ ਕਰਕੇ ਹਾਦਸਾ ਵਾਪਰਨ ਦੀ ਸੰਭਾਵਨਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇਸ ਲੋਕ ਮਸਲੇ ਦੇ ਹੱਕ 'ਚ ਬੋਲਦਿਆਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਰਮਨ ਵਡੇਰਾ, ਸੁਖਪਾਲ ਸੁੱਖ, ਵਿੱਕੀ ਵਡੇਰਾ, ਖੇਡ ਪ੍ਰਮੋਟਰ ਕੁਲਦੀਪ ਓਟਾਲ, ਗੁਰਪ੍ਰਰੀਤ ਸਿੰਘ ਲਾਡੀ ਗਹਿਲੇਵਾਲ, ਬੂਟਾ ਸਿੰਘ ਸਰਪੰਚ ਗਹਿਲੇਵਾਲ, ਪਰਦੀਪ ਸਿੰਘ ਸਾਬਕਾ ਸਰਪੰਚ ਘਰਖਣਾਂ, ਪਰੇਮਵੀਰ ਸੱਦੀ ਸਰਪੰਚ ਉਟਾਲਾਂ ਤੇ ਹਰਪ੍ਰਰੀਤ ਸਿੰਘ ਹੈਪੀ ਸਰਪੰਚ ਭੰਗਲਾਂ ਨੇ ਸਮਰਾਲਾ ਦੇ ਡੀਐਸਪੀ ਹਰਿੰਦਰ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਸੜਕਾਂ ਤੇ ਟਰੈਿਫ਼ਕ ਦੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ ਪੁਲਿਸ ਸਖ਼ਤ ਕਾਰਵਾਈ ਕਰੇ।

-ਸਪੈਸ਼ਲ ਨਾਕੇਬੰਦੀ ਕਰ ਕੇ ਕਰਾਂਗਾ ਕਾਰਵਾਈ : ਡੀਐੱਸਪੀ ਸਮਰਾਲਾ

ਇਸ ਲੋਕ ਮਸਲੇ ਦੇ ਸਬੰਧ 'ਚ ਜਦੋਂ ਸਮਰਾਲਾ ਪੁਲਿਸ ਦੇ ਡੀਐਸਪੀ ਹਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸਪੈਸ਼ਲ ਨਾਕੇਬੰਦੀ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਨਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ।