ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਰਾਤ ਨੂੰ ਨਸ਼ੇ 'ਚ ਟੱਲੀ ਹੋ ਕੇ ਰਾਹਗੀਰਾਂ ਕੋਲੋਂ ਮੋਬਾਈਲ ਲੁੱਟਣ ਵਾਲੇ ਦੋ ਨੌਜਵਾਨਾਂ ਨੂੰ ਕ੍ਰਾਈਮ ਬ੍ਾਂਚ-2 ਦੀ ਟੀਮ ਨੇ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਬਾਜ਼ੀਗਰ ਕਾਲੋਨੀ ਸ਼ੀਰਾ ਦੇ ਵਾਸੀ ਦਿਲੀਪ ਕੁਮਾਰ ਤੇ ਪ੍ਰਰੇਮ ਕਾਲੋਨੀ ਦੇ ਵਾਸੀ ਵਿਵੇਕ ਕੁਮਾਰ ਬੇਦੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਵੱਖ-ਵੱਖ ਥਾਵਾਂ ਤੋਂ ਲੁੱਟੇ ਗਏ 12 ਮੋਬਾਈਲ ਤੇ ਵਾਰਦਾਤਾਂ 'ਚ ਵਰਤਿਆ ਜਾਣ ਵਾਲਾ ਜਾਅਲੀ ਨੰਬਰ ਵਾਲਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਕ੍ਰਾਈਮ ਬ੍ਾਂਚ ਦੀ ਟੀਮ ਮੁਤਾਬਕ ਦੋਵੇਂ ਮੁਲਜ਼ਮ ਲੰਮੇ ਸਮੇਂ ਤੋਂ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਮੁਲਜ਼ਮਾਂ ਨੇ ਪਿਛਲੇ ਕੁਝ ਦਿਨਾਂ 'ਚ ਵੀਹ ਤੋਂ ਵੱਧ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਰਾਤ ਸਮੇਂ ਮੋਟਰਸਾਈਕਲ 'ਤੇ ਸਵਾਰ ਹੁੰਦੇ ਤੇ ਰਾਹਗੀਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਕੋਲੋਂ ਨਕਦੀ ਤੇ ਮੋਬਾਈਲ ਖੋਹ ਲੈਂਦੇ। ਦੋਵਾਂ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਮੇਹਰਬਾਨ 'ਚ ਸਾਲ 2017 'ਚ ਚੋਰੀ ਦਾ ਮੁਕੱਦਮਾ ਦਰਜ ਹੋਇਆ ਸੀ। ਉਸ ਕੇਸ 'ਚ ਦੋਵਾਂ ਦੀ ਜ਼ਮਾਨਤ ਹੋ ਗਈ। ਮੁਲਜ਼ਮ ਦਿਲੀਪ ਕੁਮਾਰ ਨੇ ਬੇਲ ਜੰਪ ਕਰ ਦਿੱਤੀ ਤੇ ਉਸ ਨੂੰ ਪੀਓ ਕਰਾਰ ਦਿੱਤਾ ਗਿਆ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਫਿਰ ਤੋਂ ਜੇਲ੍ਹ ਭੇਜਿਆ ਤੇ ਜੇਲ੍ਹ ਤੋਂ ਜ਼ਮਾਨਤ 'ਤੇ ਆਉਣ ਤੋਂ ਬਾਅਦ ਮੁਲਜ਼ਮ ਨੇ ਵਿਵੇਕ ਨਾਲ ਰਲ ਕੇ ਫਿਰ ਤੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਕ੍ਰਾਈਮ ਬ੍ਾਂਚ-ਦੋ ਦੇ ਇੰਚਾਰਜ ਪ੍ਰਵੀਨ ਰਣਦੇਵ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ।