ਪੱਤਰ ਪੇ੍ਰਰਕ, ਸ੍ਰੀ ਮਾਛੀਵਾੜਾ ਸਾਹਿਬ : ਪਿਛਲੇ ਲੰਮੇ ਸਮੇਂ ਤੋਂ ਖੰਨਾ-ਨਵਾਂਸ਼ਹਿਰ ਮੁੱਖ ਸੜਕ 'ਤੇ ਪਿੰਡ ਗੜ੍ਹੀ ਤਰਖਾਣਾ ਤੋਂ ਲੈ ਕੇ ਸਤਲੁਜ ਦਰਿਆ ਤਕ ਪੈਂਦੇ ਕਰੀਬ 12 ਕਿਲੋਮੀਟਰ ਲੰਮੀ ਸੜਕ ਦੀ ਖਸਤਾ ਹਾਲਤ ਤੇ ਹੋਰ ਟੁੱਟੀਆਂ ਸੜਕਾਂ ਦੇ ਵਿਰੋਧ 'ਚ ਜਥੇਬੰਦੀਆਂ ਨੇ ਹਾਈਵੇ ਬੰਦ ਕਰਕੇ ਧਰਨਾ ਲਾਇਆ ਤੇ ਕਾਂਗਰਸ ਸਰਕਾਰ ਤੇ ਮੌਜੂਦਾ ਵਿਧਾਇਕ ਨੂੰ ਰੱਜ ਕੇ ਰਗੜੇ ਲਗਾਏ। ਜਾਣਕਾਰੀ ਮੁਤਾਬਕ ਸਥਾਨਕ ਗਨੀ ਖਾਂ ਨਬੀ ਖਾਂ ਚੌਕ ਵਿਖੇ ਵੀਰਵਾਰ ਸਵੇਰੇ 10.30 ਵਜੇ ਦੇ ਕਰੀਬ ਮਾਛੀਵਾੜਾ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਤੇ ਹੋਰ ਕਈ ਜਥੇਬੰਦੀਆਂ ਨਾਲ ਸਬੰਧਤ ਸਾਥੀਆਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਗਿਆ। ਇਸ ਰੋਸ ਧਰਨੇ 'ਚ ਸਾਬਕਾ ਵਿਧਾਇਕ ਤੇ 'ਆਪ' ਆਗੂ ਜਗਜੀਵਨ ਸਿੰਘ ਖੀਰਨੀਆਂ, ਐਡਵੋਕੇਟ ਗਗਨਦੀਪ ਸ਼ਰਮਾ, ਹਲਕਾ ਸਮਰਾਲਾ ਤੋਂ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਿਢੱਲੋਂ, 'ਆਪ' ਆਗੂ ਜਗਤਾਰ ਸਿੰਘ ਦਿਆਲਪੁਰਾ, ਸ਼ਿਵ ਕੁਮਾਰ ਸ਼ਿਵਲੀ, ਸਮਾਜ ਸੇਵੀ ਅੰਮਿ੍ਤਪਾਲ ਸਮਰਾਲਾ, ਦੀਪ ਦਿਲਬਰ ਨੇ ਕਿਹਾ ਕਿ ਪਹਿਲਾਂ ਲੰਮੇ ਸਮੇਂ ਤਕ ਹਲਕਾ ਸਮਰਾਲਾ ਦੇ ਲੋਕਾਂ ਨੇ ਸਮਰਾਲਾ-ਖੰਨਾ ਸੜਕ ਦੀ ਬੇਹੱਦ ਮਾੜੀ ਹਾਲਤ ਦੇ ਚੱਲਦਿਆਂ ਕਸ਼ਟ ਸਹਾਰੇ ਹਨ ਤੇ ਹੁਣ ਮਾਛੀਵਾੜਾ ਇਲਾਕੇ 'ਚ ਪੈਂਦੀ ਗੜ੍ਹੀ ਤਰਖਾਣਾ ਦੇ ਪੁਲ ਤੋਂ ਲੈ ਕੇ ਘੁਮਾਣਾ ਤਕ ਦੀ ਸੜਕ ਦਾ ਹਾਲ ਇਸ ਕਦਰ ਮਾੜਾ ਹੈ ਕਿ ਖੱਡਿਆਂ 'ਚੋਂ ਸੜਕ ਲੱਭਣੀ ਪੈਂਦੀ ਹੈ। ਹਲਕਾ ਸਮਰਾਲਾ 'ਚ ਜਿੰਨੀਆਂ ਵੀ ਪ੍ਰਸ਼ਾਸਨ ਵਲੋਂ ਸੜਕਾਂ ਦਾ ਸੁਧਾਰ ਕੀਤਾ ਗਿਆ ਹੈ ਇਹ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਹੀ ਸੰਭਵ ਹੋਇਆ ਹੈ। ਹੁਣ ਇਹ ਸੜਕ ਬਣਾਉਣ ਲਈ ਤੇ ਇਲਾਕੇ ਦੀਆਂ ਹੋਰ ਟੁੱਟੀਆਂ ਸੜਕਾਂ ਦਾ ਸੁਧਾਰ ਕਰਨ ਲਈ ਇਹ ਰੋਸ ਮੁਜਾਹਰੇ ਤੇ ਚੱਕਾ ਜਾਮ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਜੰਮੂ-ਕਸ਼ਮੀਰ ਨੂੰ ਦਿੱਲੀ ਨਾਲ ਜੋੜਦੇ ਸਤਲੁਜ ਦਰਿਆ 'ਤੇ ਬਣੇ ਪੁਲ ਦੀ ਇਕ ਸਲੈਬ ਧਸੀ ਹੋਈ ਨੂੰ ਅੱਜ ਮਹੀਨਾ ਹੋ ਚੁੱਕਾ ਹੈ ਪਰ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਇਸ ਦੀ ਮੁਰੰਮਤ ਵੀ ਸ਼ੁਰੂ ਨਾ ਹੋ ਸਕੀ ਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਪ੍ਰਸਾਸ਼ਨ ਵਲੋਂ ਪੁੱਜੇ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਤੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਨਿਤਿਨ ਕਲਿਆਣ ਨੂੰ ਜਥੇਬੰਦੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ, ਜਿਸ 'ਤੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਸੜਕ ਦਾ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਇਸ ਮੌਕੇ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਸੁਖਵਿੰਦਰ ਸਿੰਘ ਗਿੱਲ, ਸਾਬਕਾ ਕੌਂਸਲਰ ਅੰਮਿ੍ਤਾ ਪੁਰੀ, ਜਥੇਦਾਰ ਮਨਮੋਹਣ ਸਿੰਘ ਖੇੜਾ, ਪ੍ਰਕਾਸ਼ ਸਿੰਘ ਉਧੋਵਾਲ, ਜਸਪਾਲ ਸਿੰਘ ਜੱਜ, ਅਮਨਦੀਪ ਸਿੰਘ ਤਨੇਜਾ, ਜਥੇਦਾਰ ਅਮਰਜੀਤ ਬਾਲਿਓਂ, ਕਾਮਰੇਡ ਦਰਸ਼ਨ ਸਿੰਘ, ਰਾਮ ਸਿੰਘ ਕਾਲੜਾ, ਮਨਜੀਤ ਸਿੰਘ ਮੱਕੜ, ਬਲਵੀਰ ਸਿੰਘ ਿਢੱਲੋਂ ਵੀ ਮੌਜੂਦ ਸਨ।