v> ਜੇਐੱਨਐੱਨ, ਲੁਧਿਆਣਾ : ਕਰੀਬ ਦੋ ਸਾਲ ਬਾਅਦ ਪਿਆਜ਼ ਦੇ ਭਾਅ ਪੰਜਾਬ ਦੀ ਹੋਲਸੇਲ ਮਾਰਕੀਟ 'ਚ 50 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਚੁੱਕੇ ਹਨ। ਦੋ ਦਿਨਾਂ 'ਚ ਹੀ ਪਿਆਜ਼ 10-12 ਰੁਪਏ ਮਹਿੰਗਾ ਹੋਇਆ ਹੈ। ਰਿਟੇਲ ਮਾਰਕੀਟ 'ਚ 60 ਰੁਪਏ ਕਿੱਲੋ ਪਿਆਜ਼ ਵਿੱਕ ਰਿਹਾ ਹੈ। ਭਾਅ ਵਧਣ ਦੀ ਮੁੱਖ ਵਜ੍ਹਾ ਮਾਰਕੀਟ 'ਚ ਨਵੀਂ ਫ਼ਸਲ ਦਾ ਨਾ ਆਉਣਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਮੀਂਹ ਕਾਰਨ ਕਰਨਾਟਕ, ਆਂਧਰ ਪ੍ਰਦੇਸ਼ ਤੇ ਤਾਮਿਲਨਾਡੂ 'ਚ ਪਿਆਜ਼ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹੁਣ ਤਕ ਉੱਥੇ ਬਾਰਸ਼ ਹੋ ਰਹੀ ਹੈ ਇਸੇ ਕਾਰਨ ਨਵਾਂ ਪਿਆਜ਼ ਮੰਡੀਆਂ 'ਚ ਪਹੁੰਚਿਆ ਹੀ ਨਹੀਂ। 60-70 ਫ਼ੀਸਦੀ ਫ਼ਸਲ ਖੇਤਾਂ 'ਚ ਹੀ ਖ਼ਰਾਬ ਹੋ ਚੁੱਕੀ ਹੈ। ਸਿਰਫ਼ ਨਾਸਿਕ ਤੇ ਮੱਧ ਪ੍ਰਦੇਸ਼ ਤੋਂ ਹੀ ਪਿਆਜ਼ ਆ ਰਿਹਾ ਹੈ। ਹੁਣ ਪਿਆਜ਼ ਦੀਆਂ ਕੀਮਤਾਂ ਘਟਣ ਦੀ ਉਮੀਦ ਅਲਵਰ ਦਾ ਪਿਆਜ਼ ਚੱਲਣ ਤੋਂ ਬਾਅਦ ਹੀ ਹੈ ਪਰ ਅਲਵਰ ਦਾ ਪਿਆਜ਼ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਪਹਿਲਾਂ ਮੰਡੀਆਂ 'ਚ ਨਹੀਂ ਆਵੇਗਾ।

Posted By: Seema Anand