ਪੱਤਰ ਪ੍ਰਰੇਰਕ, ਬੀਜਾ : ਬੀਜਾ ਦੇ ਨੇੜੇ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਦਰ ਖੰਨਾ ਦੇ ਅਧੀਨ ਪੈਂਦੀ ਪੁਲਿਸ ਚੌਕੀ ਕੋਟਾਂ ਦੇ ਇੰਚਾਰਜ ਥਾਣੇਦਾਰ ਅਕਾਸ਼ ਦੱਤ ਨੇ ਦੱਸਿਆ ਕਿ ਖੰਨਾ ਤੋਂ ਬੀਜਾ ਵੱਲ ਨੂੰ ਜਾ ਰਿਹਾ ਇਕ ਆਟੋ ਮਹਿੰਦਰਾ ਜੀਟੀ ਰੋਡ 'ਤੇ ਰੁਕਿਆ ਤਾਂ ਕਾਨਪੁਰ ਤੋਂ ਕਣਕ ਨਾਲ ਲੋਡ ਟਰੱਕ ਜੰਮੂ ਨੂੰ ਜਾ ਰਿਹਾ ਸੀ। ਟਰੱਕ ਚਾਲਕ ਨੇ ਬੜੀ ਮੁਸ਼ਕਲ ਨਾਲ ਆਪਣੇ ਟਰੱਕ ਨੂੰ ਰੋਕਿਆ। ਇਸ ਬਾਅਦ ਸਤਲੁਜ ਕੰਪਨੀ ਦਾ ਇਕ ਕੰਟੇਨਰ ਜੋ ਕਿ ਗੋਬਿੰਦਗੜ੍ਹ ਤੋਂ ਲੁਧਿਆਣਾ ਵੱਲ ਨੂੰ ਹੀ ਜਾ ਰਿਹਾ ਸੀ, ਨੇ ਪਿੱਛੋਂ ਆ ਕੇ ਜੰਮੂ ਵਾਲੇ ਟਰੱਕ ਨਾਲ ਜਾ ਟਕਰਾਰਿਆ। ਇਹ ਟੱਕਰ ਏਨੀ ਭਿਆਨਕ ਸੀ ਸਤਲੁਜ ਕੰਪਨੀ ਦੇ ਕੰਨੇਟਰ ਦਾ ਡਰਾਈਵਰ ਰਵਿੰਦਰ ਸਿੰਘ 45 ਸਾਲ ਪੁੱਤਰ ਚਰਨ ਸਿੰਘ ਵਾਸੀ ਅਮਲੋਹ ਫਰੰਟ ਸੀਸ਼ੇ ਨੂੰ ਤੋੜਦਾ ਹੋਇਆ ਦੂਰ ਜਾ ਕੇ ਡਿੱਗਿਆ। ਜੰਮੂ ਵਾਲੇ ਟਰੱਕ 'ਚ ਸੌਂ ਰਿਹਾ ਇਕ ਵਿਅਕਤੀ ਗਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਨੇੜੇ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਰਨ ਲੁਧਿਆਣਾ ਰੈਫਰ ਕਰ ਦਿੱਤਾ। ਰਸਤੇ 'ਚ ਹੀ ਉਸ ਦੀ ਮੌਤ ਹੋ ਗਈ ਤੇ ਦੂਸਰੇ ਦੀ ਹਾਲਤ ਗੰਭੀਰ ਦੇਖਦਿਆਂ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਮੌਕੇ 'ਤੇ ਪਹੁੰਚੇ ਪੁਲਿਸ ਚੌਕੀ ਕੋਟਾਂ ਦੇ ਇੰਚਾਰਜ ਥਾਣੇਦਾਰ ਅਕਾਸ਼ ਦੱਤ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਗੁਰਬੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਆਟੋ ਮਹਿੰਦਰਾ ਜੀ.2 ਦੇ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਆਟੋ ਦਾ ਡਰਾਈਵਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਹੈ। ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਤੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।