ਕਰਾਈਮ ਰਿਪੋਰਟਰ, ਲੁਧਿਆਣਾ : ਥਾਣਾ ਫੋਕਲ ਪੁਆਇੰਟ ਦੇ ਅਧੀਨ ਸੂਆ ਰੋਡ ਇਲਾਕੇ 'ਚ ਇਕ ਮੋਬਾਈਲ ਸ਼ੋਅਰੂਮ ਦੇ ਤਾਲੇ ਤੋੜ ਕੇ ਚੋਰਾਂ ਨੇ ਇਕ ਲੱਖ ਰੁਪਏ ਦੀ ਨਕਦੀ, ਲੈਪਟਾਪ ਤੇ ਮੋਬਾਈਲ ਫੋਨ ਉਡਾ ਲਏ।ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਸ਼ੋਅਰੂਮ ਮਾਲਕ ਮੋਹਨ ਕੁਮਾਰ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੂਆ ਰੋਡ ਗੋਬਿੰਦਗੜ੍ਹ ਨਿਵਾਸੀ ਮੋਹਨ ਕੁਮਾਰ ਨੇ ਦੱਸਿਆ ਕਿ ਸੂਆ ਰੋਡ ਗੋਬਿੰਦਗੜ੍ਹ ਵਿਖੇ ਉਸ ਦੀ ਰਾਜਾ ਬਾਬੂ ਟੈਲੀਕਾਮ ਨਾਂ 'ਤੇ ਮੋਬਾਈਲਾਂ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਰੋਜ਼ ਵਾਂਗ ਕਰੀਬ ਦਸ ਵਜੇ ਸ਼ੋਅਰੂਮ ਬੰਦ ਕਰ ਕੇ ਉਹ ਘਰ ਚਲਾ ਗਿਆ। ਕਰੀਬ ਸਾਢੇ ਚਾਰ ਵਜੇ ਉਸ ਦੇ ਗੁਆਂਢੀ ਨੇ ਫੋਨ ਕਰ ਕੇ ਦੁਕਾਨ ਦਾ ਸ਼ਟਰ ਟੁੱਟਾ ਹੋਣ ਬਾਰੇ ਦੱਸਿਆ। ਉਕਤ ਜਾਣਕਾਰੀ ਮਿਲਣ ਤੋਂ ਬਾਅਦ ਜਦ ਉਸ ਨੇ ਦੁਕਾਨ 'ਤੇ ਜਾ ਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਸ਼ਟਰ ਦੇ ਤਾਲੇ ਤੋੜ ਕੇ ਚੋਰ ਦੁਕਾਨ ਅੰਦਰ ਪਈ ਕਰੀਬ ਇਕ ਲੱਖ ਦੀ ਨਕਦੀ, ਲੈਪਟਾਪ ਤੇ ਕੀਮਤੀ ਮੋਬਾਈਲ ਚੋਰੀ ਕਰ ਕੇ ਲੈ ਗਏ ਹਨ। ਤਫ਼ਤੀਸ਼ੀ ਅਧਿਕਾਰੀ ਗੁਰਮੀਤ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।