ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਨੇੜਲੇ ਪਿੰਡ ਗੋਹ ਦੀ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਔਰਤ ਦੀ ਉਮਰ 62 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਹ 5 ਮਈ ਤੋਂ ਬਿਮਾਰ ਸੀ। ਇਸ ਦੌਰਾਨ ਉਹ ਕੁਝ ਥਾਵਾਂ ਉੱਤੇ ਭੋਗ ਤੇ ਵਿਆਹ ਦੇ ਸਮਾਗਮ 'ਤੇ ਵੀ ਹਾਜ਼ਰੀ ਲਗਵਾ ਕੇ ਆਈ ਸੀ।

SMO ਮਨੂੰਪੁਰ ਅਜੀਤ ਸਿੰਘ ਨੇ ਦੱਸਿਆ ਕਿ ਪਿੰਡ ਗੋਹ ਦੀ ਔਰਤ 5 ਮਈ ਤੋਂ ਕੁਝ ਬਿਮਾਰ ਸੀ, ਜਿਸ ਨੇ ਪਿੰਡ ਤੋਂ ਕਿਸੇ ਡਾਕਟਰ ਤੋਂ ਦਵਾਈ ਲਈ ਸੀ। ਫਿਰ 12 ਮਈ ਨੂੰ ਖੰਨਾ ਦੇ ਇੱਕ ਡਾਕਟਰ ਤੋਂ ਦਵਾਈ ਲੈਣ ਗਈ । ਡਾਕਟਰ ਨੇ ਟੈਸਟ ਕੀਤੇ ਤਾਂ ਛਾਤੀ ਵਿੱਚ ਇਫੈਕਸ਼ਨ ਆਈ। ਡਾਕਟਰ ਦੀ ਸਲਾਹ ਤੋਂ ਬਾਅਦ ਉਸਨੇ ਮੋਹਾਲੀ ਟੈਸਟ ਕਰਵਾਏ ਤਾਂ ਉਹ ਕੋਰੋਨਾ ਪਾਜ਼ੇਟਿਵ ਨਿਕਲੀ।

ਡਾਕਟਰ ਅਜੀਤ ਸਿੰਘ ਨੇ ਦੱਸਿਆ ਕਿ ਔਰਤ ਪਿੰਡ ਬੇਰ ਕਲਾਂ 'ਚ ਭੋਗ ਤੇ ਪਿੰਡ ਰਸੂਲੜਾ 'ਚ ਵਿਆਹ ਦੇ ਸਮਾਗਮ ਵਿੱਚ ਗਈ ਸੀ।

ਅਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਭੇਜਿਆ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਤੇ ਉਸਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਪਿੰਡ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਿੰਡ ਨੂੰ ਸੀਲ ਕੀਤਾ ਗਿਆ ਹੈ। ਪਿੰਡ ਵਿੱਚ ਆਉਣ ਜਾਣ ਦੀ ਮਨਾਹੀ ਕੀਤੀ ਗਈ ਹੈ।

Posted By: Tejinder Thind