ਕੁਲਵਿੰਦਰ ਸਿੰਘ ਰਾਏ, ਖੰਨਾ

ਇੱਥੋਂ ਦੇ ਸੰਨ ਸਿਟੀ 'ਚ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਦੇ 6 ਮਾਮਲੇ ਸਾਹਮਣੇ ਆਏ ਹਨ। ਇੰਨੇ ਮਾਮਲੇ ਖੰਨਾ 'ਚ ਪਹਿਲੀ ਵਾਰ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਿਫ਼ਕਰਾਂ 'ਚ ਹੈ। ਸੰਨ ਸਿਟੀ ਕਾਲੋਨੀ ਖੰਨਾ ਦੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 6 ਜਣਿਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਪਰਿਵਾਰ ਦਾ ਬਜ਼ੁਰਗ ਦੋ ਦਿਨ ਪਹਿਲਾਂ ਬੁੱਧਵਾਰ ਨੂੰ ਪਾਜ਼ੇਟਿਵ ਆਇਆ ਸੀ। ਪਰਿਵਾਰ ਦੇ 9 ਮੈਂਬਰਾਂ ਦਾ ਸੈਂਪਲ ਵੀਰਵਾਰ ਨੂੰ ਡੀਐੱਮਸੀ ਲੁਧਿਆਣਾ 'ਚ ਲਿਆ ਗਿਆ ਸੀ, ਇਨ੍ਹਾਂ 'ਚੋਂ 6 ਦੀ ਰਿਪੋਰਟ ਸ਼ੁੱਕਰਵਾਰ ਨੂੰ ਪਾਜ਼ੇਟਿਵ ਨਿਕਲੀ ਹੈ। ਬਜ਼ੁੁਰਗ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਹੈ।

-ਭਤੀਜਾ ਤੇ 7 ਸਾਲਾ ਬੱਚੀ ਵੀ ਪਾਜ਼ੇਟਿਵ

ਕੋਰੋਨਾ ਪਾਜ਼ੇਟਿਵ ਆਏ ਪਰਿਵਾਰ ਦੇ ਮੈਂਬਰਾਂ 'ਚ ਬਜ਼ੁਰਗ ਦੀ 60 ਸਾਲ ਦੀ ਪਤਨੀ, 40 ਸਾਲ ਦਾ ਭਤੀਜਾ, 34 ਸਾਲ ਦਾ ਪੁੱਤਰ, 33 ਸਾਲ ਦੀ ਨੂੰਹ, 28 ਸਾਲ ਦਾ ਪੁੱਤਰ ਤੇ 7 ਸਾਲ ਦੀ ਪੋਤੀ ਸ਼ਾਮਲ ਹੈ। ਇਨ੍ਹਾਂ 'ਚੋਂ ਤਿੰਨ ਮੈਂਬਰਾਂ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ, ਜਦਕਿ ਤਿੰਨ ਨੂੰ ਲੁਧਿਆਣਾ 'ਚ ਆਈਸੋਲੇਟ ਕੀਤਾ ਗਿਆ। ਪਾਜ਼ੇਟਿਵ ਆਏ ਬਜ਼ੁੁਰਗ ਦੇ ਭਤੀਜੇ ਦੇ ਪਰਿਵਾਰ ਦੇ ਵੀ 9 ਮੈਂਬਰਾਂ ਦਾ ਸੈਂਪਲ ਜਾਂਚ ਲਈ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਦਿੱਤਾ ਗਿਆ ਹੈ।

-ਭਤੀਜੇ ਦੀ ਅਮਲੋਹ ਰੋਡ 'ਤੇ ਦਵਾਈਆਂ ਦੀ ਦੁਕਾਨ

ਕੋਰੋਨਾ ਪਾਜ਼ੇਟਿਵ ਪਾਏ ਗਏ ਬਜ਼ੁਰਗ ਦੇ 40 ਸਾਲ ਦੇ ਭਤੀਜੇ ਦੀ ਅਮਲੋਹ ਰੋਡ 'ਤੇ ਦਵਾਈਆਂ ਦੀ ਦੁਕਾਨ ਹੈ। ਇਹੀ ਗੱਲ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਖੰਨਾ ਫਾਇਰ ਬਿ੍ਗੇਡ ਦੀ ਟੀਮ ਨੇ ਫਾਇਰ ਅਫਸਰ ਯਸ਼ਪਾਲ ਰਾਏ ਗੋਮੀ ਦੀ ਅਗਵਾਈ 'ਚ ਉਨ੍ਹਾਂ ਦੇ ਘਰ ਤੇ ਦੁਕਾਨ ਨੂੰ ਸੈਨੇਟਾਈਜ ਕੀਤਾ ਗਿਆ।

ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਖੰਨਾ ਸਿਵਲ ਹਸਪਤਾਲ 'ਚ 22 ਲੋਕਾਂ ਦੇ ਸੈਂਪਲ ਲਏ ਗਏ ਹਨ। ਕੋਰੋਨਾ ਪਾਜ਼ੇਟਿਵ ਆਏ ਪਰਿਵਾਰ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ।