ਐੱਸਪੀ ਜੋਸ਼ੀ, ਲੁਧਿਆਣਾ : ਸਥਾਨਕ ਸੈਂਟਰਲ ਜੇਲ੍ਹ ਬਾਬਾ ਜੀ ਪੁਲ਼ ਨੇੜੇ ਤੇਜ਼ ਰਫ਼ਤਾਰ ਟਰੱਕ ਨੇ ਰਾਹਗੀਰ ਨੂੰ ਦਰੜ ਦਿੱਤਾ। ਹਾਦਸੇ 'ਚ ਵਿਨੋਦ ਕੁਮਾਰ (50) ਨਾਂ ਦੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਥਾਨਕ ਇਕਬਾਲ ਨਗਰ ਦੇ ਰਹਿਣ ਵਾਲੇ ਹਰਭਜਨ ਸਿੰਘ ਮੁਤਾਬਕ ਉਸ ਦਾ ਕਿਰਾਏਦਾਰ ਵਿਨੋਦ ਕੱਕਾ ਰੋਡ ਤੋਂ ਤਾਜਪੁਰ ਰੋਡ ਵੱਲ ਆ ਰਿਹਾ ਸੀ। ਇਸ ਦੌਰਾਨ ਕੂੜਾ ਢੋਣ ਵਾਲੇ ਟਰੱਕ ਦੇ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟਰੱਕ ਦਾ ਪਿਛਲਾ ਟਾਇਰ ਵਿਅਕਤੀ ਦੇ ਸਿਰ ਉਪਰੋਂ ਲੰਘ ਗਿਆ। ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਦੁਰਘਟਨਾ ਤੋਂ ਬਾਅਦ ਟਰੱਕ ਚਾਲਕ ਆਪਣਾ ਵਾਹਨ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਇਸ ਮਾਮਲੇ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਟਿੱਬਾ ਪੁਲਿਸ ਨੇ ਟਰੱਕ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।