ਲੁਧਿਆਣਾ : ਸ਼ਹਿਰ ਦੇ ਚੰਡੀਗੜ੍ਹ ਰੋਡ 'ਤੇ ਜੀਕੇ ਅਸਟੇਟ 'ਚ ਸ਼ਰਾਬ ਪੀਣ ਤੋਂ ਬਾਅਦ ਹੋਏ ਝਗੜੇ 'ਚ ਇਕ ਨੌਜਵਾਨ ਦੀ ਜ਼ਮੀਨ 'ਤੇ ਡਿੱਗਣ ਨਾਲ ਮੌਤ ਹੋ ਗਈ। ਬੁੱਧਵਾਰ ਦੇਰ ਰਾਤ ਹੋਈ ਇਸ ਵਾਰਦਾਤ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਪਹੁੰਚਾਇਆ ਗਿਆ ਹੈ। ਥਾਣਾ ਜਮਾਲਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਚੰਡੀਗੜ੍ਹ ਰੋਡ 'ਤੇ ਜੀਕੇ ਅਸਟੇਟ ਸਥਿਤ ਰਾਡਾ ਰੈਸਟੋਰੇਂਟ 'ਚ ਛੇ ਨੌਜਵਾਨਾਂ ਨੇ ਪਹਿਲਾਂ ਇਕੱਠਿਆਂ ਬੈਠ ਕੇ ਸ਼ਰਾਬ ਪੀਤੀ ਸੀ। ਜਦੋਂ ਰਾਤ ਨੂੰ ਸਮਾਂ ਜ਼ਿਆਦਾ ਹੋ ਗਿਆ ਤਾਂ ਰੈਸਟੋਰੇਂਟ ਮਾਲਕ ਨੇ ਉਨ੍ਹਾਂ ਨੂੰ ਸਾਮਾਨ ਦੇਣ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਰੈਸਟੋਰੈਂਟ ਮਾਲਕ ਨਾਲ ਲੜਾਈ ਕਰਨ ਲੱਗੇ ਤੇ ਬਾਹਰ ਚਲੇ ਗਏ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਸਤਾਂ 'ਚ ਤੂੰ-ਤੂੰ, ਮੈਂ-ਮੈਂ ਹੋ ਗਈ। ਇਸ ਦੌਰਾਨ ਧੱਕਾ ਲੱਗਣ ਨਾਲ ਮਿਥੁਨ ਨਾਂ ਦਾ ਨੌਜਵਾਨ ਹੇਠਾਂ ਸੜਕ 'ਤੇ ਡਿੱਗ ਗਿਆ। ਇਸ ਦੌਰਾਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਸੂਚਨਾ ਮਿਲਦਿਆਂ ਹੀ ਚੌਕੀ ਰਾਮਗੜ੍ਹ ਤੋਂ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤਾ। ਵੀਰਵਾਰ ਸਵੇਰੇ ਪੁਲਿਸ ਨੇ ਰੈਸਟੋਰੈਂਟ ਦੀ ਜਾਂਚ ਕੀਤੀ ਹੈ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਵੱਲ਼ੋਂ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।

Posted By: Amita Verma