ਕਰਾਈਮ ਰਿਪੋਰਟਰ, ਲੁਧਿਆਣਾ : ਸ਼ਨਿਚਰਵਾਰ ਸ਼ਾਮ ਨੂੰ ਤੇਜ਼ ਰਫ਼ਤਾਰ ਟੈਂਪੂ ਨੇ ਵਰਧਮਾਨ ਚੌਕ 'ਚ ਇੱਕ ਆਟੋ ਚਾਲਕ ਨੂੰ ਟੱਕਰ ਮਾਰ ਦਿੱਤੀ ਹਾਦਸੇ 'ਚ ਐਕਟਿਵਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਲੇ ਦੁਆਲੇ ਦੇ ਲੋਕਾਂ ਨੇ ਟੈਂਪੂ ਚਾਲਕ ਨੂੰ ਕਾਬੂ ਕਰਕੇ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਹਵਾਲੇ ਕੀਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ ਸੱਤ ਦੇ ਏਐੱਸਆਈ ਪਵਿੱਤਰ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਵੇਲੇ ਸਮਰਾਲਾ ਚੌਕ ਵਾਲੀ ਸਾਈਡ ਤੋਂ ਐਕਟਿਵਾ 'ਤੇ ਸਵਾਰ ਹੋ ਕੇ ਇੱਕ 65 ਸਾਲਾਂ ਵਿਅਕਤੀ ਜਮਾਲਪੁਰ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਵਰਧਮਾਨ ਚੌਕ ਦੀਆਂ ਲਾਈਟਾਂ ਦੇ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟੈਂਪੂ ਨੇ ਇਸ ਨੂੰ ਟੱਕਰ ਮਾਰ ਦਿੱਤੀ ਇਸੇ ਦੌਰਾਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ । ਮੌਕੇ 'ਤੇ ਮੌਜੂਦ ਕੁੱਝ ਲੋਕਾਂ ਨੇ ਟੈਂਪੂ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਏਐੱਸਆਈ ਪਵਿੱਤਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।