ਜੇਐੱਨਐੱਨ, ਲੁਧਿਆਣਾ : ਪੰਜਾਬ ਪੁਲਿਸ ਦਾ ਸਟਿੱਕਰ ਲੱਗੀ ਐੱਸਯੂਵੀ 'ਚ ਪੁਲਿਸ ਨੇ 3 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਮੌਕੇ 'ਤੇ ਸਮੱਗਲਰ ਨੂੰ ਕਾਬੂ ਕਰ ਲਿਆ ਹੈ ਜਦਕਿ ਉਹਦੇ 2 ਸਾਥੀ ਫ਼ਰਾਰ ਹੋ ਗਏ ਹਨ। ਥਾਣਾ ਹੈਬੋਵਾਲ ਦੀ ਜਗਤਪੁਰੀ ਚੌਕੀ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਫ਼ਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਚੌਕੀ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਾਹਿਲ ਸ਼ਰਮਾ ਵਾਸੀ ਹੈਦਰ ਇੰਕਲੇਵ ਵਜੋਂ ਹੋਈ ਹੈ। ਘਟਨਾ ਵੀਰਵਾਰ ਰਾਤ ਕਰੀਬ 10 ਵਜੇ ਦੀ ਹੈ। ਪੀਸੀਆਰ ਨੰਬਰ 10 'ਤੇ ਤਾਇਨਾਤ ਹੌਲਦਾਰ ਹਰਜਿੰਦਰ ਸਿੰਘ ਤੇ ਬਾਲ ਕ੍ਰਿਸ਼ਨ ਜੱਸੀਆਂ ਰੋਡ 'ਤੇ ਗਸ਼ਤ ਕਰ ਰਹੇ ਸਨ। ਉਸੇ ਦੌਰਾਨ ਹੁਸੈਨਪੁਰ ਵੱਲੋਂ ਆ ਰਹੀ ਐੱਸਯੂਵੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਕਾਰ ਰੁਕੀ ਤਾਂ ਦੋ ਜਣੇ ਵਿੱਚੋਂ ਨਿਕਲ ਕੇ ਦੂਜੇ ਪਾਸੇ ਭੱਜ ਤੁਰੇ। ਜਦਕਿ ਕਾਰ ਚਲਾ ਰਿਹਾ ਨੌਜਵਾਨ ਪੀਸੀਆਰ ਟੀਮ ਨੇ ਕਾਬੂ ਕਰ ਲਿਆ। ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਤਲਾਸ਼ੀ ਦੌਰਾਨ ਕਾਰ ਵਿੱਚੋਂ 3 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਮਲਕੀਤ ਨੇ ਕਿਹਾ ਕਿ ਉਕਤ ਕਾਰ ਸਲੇਮ ਟਾਬਰੀ ਵਾਸੀ ਵਿਅਕਤੀ ਦੀ ਹੈ ਜੋ ਕਿ ਟੈਕਸੀ ਵਜੋਂ ਚਲਾਉਂਦੇ ਹਨ। ਸਾਹਿਲ ਸ਼ਰਮਾ ਉਸ ਦੇ ਲਈ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਪੰਜਾਬ ਪੁਲਿਸ ਦਾ ਸਟਿੱਕਰ ਉਹਦੇ ਕੋਲ ਕਿੱਥੋਂ ਆਇਆ, ਇਸ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Posted By: Seema Anand