ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ

ਮਾਛੀਵਾੜਾ ਪੁਲਿਸ ਵਲੋਂ ਰਜਿੰਦਰ ਸਿੰਘ ਵਾਸੀ ਸ਼ੇਰਪੁਰ ਬਸਤੀ ਨੂੰ 10000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਸ਼ੇਰਪੁਰ ਪੁਲਿਸ ਚੌਂਕੀ ਇੰਚਾਰਜ ਸਬ-ਇੰਸਪੈਕਟਰ ਗੁਰਜੰਟ ਸਿੰਘ ਨੇ ਪੁਲਿਸ ਪਾਰਟੀ ਸਮੇਤ ਹੇਡੋਂ ਬੇਟ ਟੀ-ਪੁਆਇੰਟ ਨੇੜ੍ਹੇ ਨਾਕਾਬੰਦੀ ਕੀਤੀ ਹੋਈ ਸੀ ਕਿ ਪਿੰਡ ਸ਼ੇਰੀਆਂ ਵਲੋਂ ਇੱਕ ਕਾਲੇ ਰੰਗ ਦੀ ਕਾਰ ਨੂੰ ਜਾਂਚ ਲਈ ਰੋਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਚਾਲਕ ਨੇ ਆਪਣਾ ਨਾਮ ਰਜਿੰਦਰ ਸਿੰਘ ਦੱਸਿਆ ਤੇ ਪੁਲਿਸ ਨੂੰ ਦੇਖ ਕੇ ਉਹ ਘਬਰਾਉਣ ਲੱਗ ਪਿਆ। ਪੁਲਿਸ ਪਾਰਟੀ ਨੇ ਸ਼ੱਕ ਦੇ ਜਾਹਿਰ ਕੀਤੀ ਕਿ ਉਸਦੀ ਕਾਰ 'ਚ ਨਸ਼ੀਲੇ ਪਦਾਰਥ ਹਨ ਜਿਸ 'ਤੇ ਜਾਂਚ ਤੇ ਕਾਰ ਦੀ ਤਲਾਸ਼ੀ ਲੈਣ ਲਈ ਡੀਐੱਸਪੀ ਸਮਰਾਲਾ ਸੁਰਜੀਤ ਸਿੰਘ ਮੌਕੇ 'ਤੇ ਪੁੱਜੇ। ਕਾਰ 'ਚੋਂ ਤਲਾਸ਼ੀ ਦੌਰਾਨ ਟਰਾਮਾਡੋਲ ਦੇ 1000 ਪੱਤੇ ਜੋ ਕਿ 10 ਹਜ਼ਾਰ ਨਸ਼ੀਲੀਆਂ ਗੋਲੀਆਂ ਹਨ ਬਰਾਮਦ ਕਰ ਲਈਆਂ ਗਈਆਂ। ਪੁਲਿਸ ਵਲੋਂ ਕਾਰ ਚਾਲਕ ਰਜਿੰਦਰ ਸਿੰਘ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਵਿਅਕਤੀ ਬੇਟ ਖੇਤਰ ਦੇ ਇੱਕ ਪਿੰਡ 'ਚ ਬਿਨ੍ਹਾਂ ਕਿਸੇ ਡਿਗਰੀ ਤੋਂ ਝੋਲਾ ਛਾਪ ਡਾਕਟਰ ਬਣ ਕਲੀਨਿਕ ਵੀ ਚਲਾ ਰਿਹਾ ਸੀ ਜਿਸ ਦੀ ਆੜ੍ਹ ਹੇਠ ਇਹ ਨਸ਼ੀਲੀਆਂ ਗੋਲੀਆਂ ਵੇਚਦਾ ਸੀ।