ਪੱਤਰ ਪ੫ੇਰਕ, ਖੰਨਾ : ਖੰਨਾ ਦੇ ਐੱਸਐੱਸਪੀ ਨਾਲ ਮਿਲ ਕੇ ਚੀਨੀ ਡੋਰ 'ਤੇ ਸਖ਼ਤੀ ਕਰਨ ਤੇ ਨਾ ਵੇਚਣ ਦਾ ਭਰੋਸਾ ਦੇਣ ਵਾਲੇ ਵਫਦ 'ਚ ਸ਼ਾਮਿਲ ਇੱਕ ਦੁਕਾਨਦਾਰ ਹੀ ਇੱਕ ਹਫ਼ਤੇ ਬਾਅਦ ਚੀਨੀ ਡੋਰ ਨੂੰ ਵੇਚਦਾ ਕਾਬੂ ਕਰ ਲਿਆ ਗਿਆ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸਦੇ ਕਬਜ਼ੇ 'ਚੋਂ 48 ਗੱਟੂ ਚੀਨੀ ਡੋਰ ਦੇ ਬਰਾਮਦ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਪਿਛਲੀ 3 ਜਨਵਰੀ ਨੂੰ ਸ਼ਹਿਰ ਦੀ ਪਤੰਗ ਡੋਰ ਐਸੋਸੀਏਸ਼ਨ ਦੇ ਮੈਬਰਾਂ ਨੇ ਪ੫ਧਾਨ ਰਾਜੂ ਦੀ ਅਗਵਾਈ 'ਚ ਖੰਨਾ ਦੇ ਐੱਸਐੱਸਪੀ ਧਰੁਵ ਦਹਿਆ ਨੂੰ ਇੱਕ ਮੰਗ ਪੱਤਰ ਦਿੱਤਾ ਸੀ। ਉਨ੍ਹਾਂ ਆਪਣੀ ਗੱਲਬਾਤ ਦੌਰਾਨ ਇਸ ਗੱਲ ਦਾ ਭਰੋਸਾ ਵੀ ਦਵਾਇਆ ਸੀ ਕਿ ਉਨ੍ਹਾਂ ਦੀ ਅਗਵਾਈ 'ਚ ਨਾ ਤਾਂ ਕੋਈ ਜਾਨਲੇਵਾ ਚੀਨੀ ਡੋਰ ਵੇਚੇਗਾ ਤੇ ਨਾ ਹੀ ਉਹ ਕਿਸੇ ਨੂੰ ਵੇਚਣ ਦੇਣਗੇ। ਐਸੋਸੀਏਸ਼ਨ ਨੇ ਕਿਹਾ ਸੀ ਕਿ ਜੇਕਰ ਇਸ ਦੌਰਾਨ ਕੋਈ ਹੋਰ ਵਿਅਕਤੀ ਚੀਨੀ ਡੋਰ ਵੇਚ ਰਿਹਾ ਹੋਵੇਗਾ ਤਾਂ ਉਸਦੀ ਸੂਚਨਾ ਸਮੇਂ-ਸਮੇਂ 'ਤੇ ਪੁਲਿਸ ਨੂੰ ਦਿੱਤੀ ਜਾਵੇਗੀ। ਉਨ੍ਹਾਂ ਨੇ ਪੁਲਿਸ ਵੱਲੋਂ ਵੀ ਮਾਮਲੇ 'ਚ ਸਖ਼ਤੀ ਵਰਤਣ ਦੀ ਮੰਗ ਕੀਤੀ। ਇਹ ਵੀ ਕਿਹਾ ਸੀ ਕਿ ਫੜ੍ਹੇ ਜਾਣ 'ਤੇ ਮੁਲਜ਼ਮ ਦੀ ਜ਼ਮਾਨਤ ਬਸੰਤ ਪੰਚਮੀ ਤਕ ਨਾ ਹੋਣ ਦਿੱਤੀ ਜਾਵੇ। ਵੀਰਵਾਰ ਰਾਤ ਨੂੰ ਪੁਲਿਸ ਨੇ ਇਸ ਵਫਦ 'ਚ ਸ਼ਾਮਿਲ ਕਮਲ ਕਿਸ਼ੋਰ ਵਾਸੀ ਖੰਨਾ ਨੂੰ ਕਾਬੂ ਕਰ ਲਿਆ। ਸੂਤਰ ਦੱਸਦੇ ਹਨ ਕਿ ਪਿਛਲੇ ਸਾਲ ਵੀ ਪੁਲਿਸ ਨੇ ਕਮਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਕਾਬੂ ਕੀਤਾ ਸੀ।