ਸੰਜੀਵ ਗੁਪਤਾ, ਜਗਰਾਓਂ

ਗੈਰ ਹਾਜ਼ਰੀ ਲਈ ਚਰਚਾ 'ਚ ਰਹਿਣ ਵਾਲੇ ਜਗਰਾਓਂ ਨਗਰ ਕੌਂਸਲ ਦੇ ਈਓ ਅਤੇ ਅਕਾਊਟੈਂਟ ਅੱਜ ਫਿਰ ਗੈਰ ਹਾਜ਼ਰ ਮਿਲੇ। ਮੰਗਲਵਾਰ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਅਚਾਨਕ ਨਗਰ ਕੌਂਸਲ ਪੁੱਜੇ ਤਾਂ ਉਥੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਅਤੇ ਅਕਾਊਟੈਂਟ ਨੀਸ਼ਾ ਦਫ਼ਤਰ ਵਿਚ ਨਹੀਂ ਮਿਲੇ, ਜਿਨ੍ਹਾਂ ਦਾ ਪਤਾ ਕਰਨ ਤੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਗਿਆ। ਇਸ 'ਤੇ ਸਟਾਫ਼ ਅਤੇ ਲੋਕਾਂ ਨੇ ਈਓ ਅਤੇ ਅਕਾਊਟੈਂਟ ਦੀ ਮਨਮਰਜ਼ੀਆਂ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਅਹਿਮ ਡਿਊਟੀ ਦੇ ਬਾਵਜੂਦ ਆਮ ਦਿਨਾਂ ਵਾਂਗ ਹੀ ਈਓ ਅਤੇ ਅਕਾਊਟੈਂਟ ਅਕਸਰ ਹੀ ਨਹੀਂ ਆਉਂਦੇ। ਜਿਸ 'ਤੇ ਚੇਅਰਮੈਨ ਦਾਖਾ ਨੇ ਕੌਂਸਲ ਦੇ ਪ੍ਰਸ਼ਾਸਕ ਅਤੇ ਐੱਸਡੀਐੱਮ ਡਾ. ਬਲਜਿੰਦਰ ਸਿੰਘ ਿਢੱਲੋਂ ਨੂੰ ਫੋਨ 'ਤੇ ਉਕਤ ਅਧਿਕਾਰੀਆਂ ਦੀ ਗੈਰ ਹਾਜ਼ਰੀ 'ਤੇ ਜਾਂਚ ਕਰਕੇ ਕਾਰਵਾਈ ਕਰਨ ਅਤੇ ਉਨ੍ਹਾਂ ਦੀ ਹਾਜ਼ਰੀ ਯਕੀਨੀ ਬਨਾਉਣ ਲਈ ਸਖਤ ਤਾੜਨਾ ਕਰਨ ਲਈ ਕਿਹਾ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਜਗਰਾਓਂ ਦੇ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਨਗਰ ਕੌਂਸਲ ਦਾ ਪਹਿਲਾ ਕੰਮ ਹੁੰਦਾ ਹੈ ਪਰ ਇਥੇ ਲਗਾਤਾਰ ਅਧਿਕਾਰੀਆਂ ਦੀ ਗੈਰ ਹਾਜ਼ਰੀ ਗਲਤ ਹੈ। ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਹ ਖੁਦ ਵੀ ਇਸ ਗੈਰ ਹਾਜ਼ਰੀ ਸਬੰਧੀ ਡੀਸੀ ਅਤੇ ਮੰਤਰੀ ਨਾਲ ਗੱਲ ਕਰਨਗੇ।