ਹਰਜੋਤ ਸਿੰਘ ਅਰੋੜਾ, ਲੁਧਿਆਣਾ

ਬੀਤੇ ਦਿਨੀ ਇਕ ਵਫਦ ਰੇਸ਼ਮ ਸਿੰਘ ਸੱਗੂ ਦੀ ਅਗਵਾਈ 'ਚ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਤੇ ਪੰਜਾਬ ਕਾਂਗਰਸ ਓਬੀਸੀ ਵਿਭਾਗ ਦੇ ਚੇਅਰਮੈਨ ਗੁਰਿੰਦਰ ਪਾਲ ਸਿੰਘ ਬਿੱਲਾ ਨੂੰ ਰੋਪੜ ਵਿਖੇ ਮਿਲਿਆ, ਜਿੱਥੇ ਰੇਸ਼ਮ ਸੱਗੂ ਤੋਂ ਇਲਾਵਾ ਬਲਵਿੰਦਰ ਸਿੰਘ ਗੋਰਾ ਕਨਵੀਨਰ ਪੰਜਾਬ, ਭਗਵੰਤ ਸਿੰਘ ਮਣਕੂ ਜਰਨਲ ਸਕੱਤਰ ਭਾਗਸੋ, ਸਵਰਨ ਸਿੰਘ, ਰਾਜਨ ਰੋਪੜੀਆ ਤੇ ਮਹਿਲਾ ਜਰਨਲ ਸਕੱਤਰ ਸੀਮਾ ਸਚਦੇਵਾ, ਵਾਈਸ ਚੇਅਰਮੈਨ ਸੁਖਵਿੰਦਰ ਕੌਰ ਭੋਡੇ, ਨੀਲਮ ਵਰਮਾ, ਆਸਾਂ ਸਿੰਘ, ਸਤਵੰਤ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਰੇਸ਼ਮ ਸੱਗੂ ਨੇ ਦੱਸਿਆ ਕਿ ਅੱਜ ਦੀ ਸਾਡੀ ਮੁਲਾਕਾਤ ਦਾ ਮੁੱਖ ਮਕਸਦ ਪੱਛੜੀਆਂ ਸ਼੍ਰੇਣੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਚੇਅਰਮੈਨ ਸਾਹਿਬ ਦੇ ਧਿਆਨ 'ਚ ਲਿਆਉਣਾ ਸੀ ਤਾਂ ਜੋ ਓਬੀਸੀ. ਵਰਗ ਦੇ ਲੋਕਾਂ ਨੂੰ ਹੱਕ ਮਿਲ ਸਕੇ, ਜਿਸ 'ਚ ਵਿਸ਼ੇਸ਼ ਤੌਰ 'ਤੇ ਮਰਦਮ ਸ਼ੁਮਾਰੀ ਫਾਰਮ 'ਚ ਪੱਛੜੀਆਂ ਸ਼੍ਰੇਣੀਆਂ ਦਾ ਕਾਲਮ ਬਣਾਉਣ ਸਬੰਧੀ ਸੀ, ਤਾਂ ਜੋ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੀ ਗਿਣਤੀ ਪਤਾ ਲੱਗ ਸਕੇ ਕਿਉਂਕਿ ਪੰਜਾਬ 'ਚ 44 ਤੋਂ 48 ਫੀਸਦੀ ਦੇ ਕਰੀਬ ਪੱਛੜੀ ਸ਼੍ਰੇਣੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਕਸਰ ਓਬੀਸੀ ਭਾਈਚਾਰੇ ਦੇ ਬੱਚਿਆਂ ਨੂੰ ਵਿੱਦਿਅਕ ਅਦਾਰਿਆਂ ਤੇ ਨੌਕਰੀਆਂ 'ਚ ਬਣਦਾ ਰਾਖਵਾਂਕਰਨ ਵੀ ਨਹੀਂ ਮਿਲਦਾ, ਇਸ ਲਈ ਉਕਤ ਕਾਲਮ ਹੋਣ ਨਾਲ ਭਾਈਚਾਰੇ ਨੂੰ ਉਸ ਦਾ ਹੱਕ ਮਿਲੇਗਾ। ਉਨ੍ਹਾਂ ਦੱਸਿਆ ਕਿ ਚੇਅਰਮੈਨ ਗੁਰਿੰਦਰ ਬਿੱਲਾ ਨੇ ਉਕਤ ਮੰਗ ਦੇ ਹੱਲ ਦਾ ਭਰੋਸਾ ਦਿੰਦਿਆ ਕਿਹਾ ਕਿ ਕਾਂਗਰਸ ਸਰਕਾਰ ਓਬੀਸੀ ਭਾਈਚਾਰੇ ਦੀ ਮੰਗ ਪੂਰੀ ਕਰਨ ਲਈ ਵਚਨਬੱਧ ਹੈ ਤੇ ਉਕਤ ਮੰਗ ਨੂੰ ਉਹ ਸਰਕਾਰ ਤਕ ਪਹੰੁੁਚਾਉਣਗੇ।