ਹਰਜੋਤ ਸਿੰਘ ਅਰੋੜਾ, ਲੁਧਿਆਣਾ

'ਘਰ-ਘਰ ਰੋਜ਼ਗਾਰ ਯੋਜਨਾ' ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਹੁਣ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੇਣ ਦਾ ਵੀ ਫੈਸਲਾ ਕੀਤਾ ਹੈ। ਇਸ ਲਈ ਯੋਗ ਉਮੀਦਵਾਰਾਂ ਦੀ ਚੋਣ ਆਨਲਾਈਨ ਟੈੱਸਟ ਰਾਹੀਂ ਹੋਇਆ ਕਰੇਗੀ। ਇਸ ਸਬੰਧੀ ਪਹਿਲੇ ਬੈਚ ਦੀ ਕੋਚਿੰਗ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸ਼ੁਰੂ ਕਰਵਾਈ। ਅਗਲੇ ਬੈਚ ਲਈ ਆਨਲਾਈਨ ਤੇ ਆਫ਼ਲਾਈਨ ਟੈੱਸਟ ਮਿਤੀ 9 ਅਕਤੂਬਰ, 2019 ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ 'ਚ ਸਵੇਰੇ 10.30 ਵਜੇ ਹੋਵੇਗਾ। ਇਸ ਸੰਬੰਧੀ ਡੀਸੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਬੇਰੁਜ਼ਗਾਰਾਂ ਨੂੰ ਸੂਬਾ ਸਰਕਾਰ ਵੱਲੋਂ ਨੌਕਰੀਆਂ ਦੇ ਮੌਕੇ ਤਾਂ ਬਹੁਤ ਮੁਹੱਈਆ ਕਰਵਾਏ ਜਾ ਰਹੇ ਹਨ ਪਰ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਨੌਜਵਾਨ ਕਈ ਕਾਰਨਾਂ ਕਰਕੇ ਟੈਸਟ ਜਾਂ ਇੰਟਰਵਿਊ ਦੀ ਤਿਆਰੀ ਵਿੱਚ ਪਛੜ ਜਾਂਦੇ ਹਨ ਜਾਂ ਆਪਣੇ ਆਪ ਨੂੰ ਜਾਂ ਆਪਣੀ ਯੋਗਤਾ ਨੂੰ ਸਿੱਧ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਉਹ ਮੁਕਾਬਲੇ ਦੀਆਂ ਪ੍ਰਰੀਖਿਆਵਾਂ ਦੀ ਚੰਗੀ ਤਰ੍ਹਾਂ ਤਿਆਰੀ ਹੀ ਨਹੀਂ ਕਰ ਪਾਉਂਦੇ। ਕਈ ਮਾਮਲਿਆਂ ਵਿੱਚ ਉਨ੍ਹਾਂ ਦੇ ਦਸਤਾਵੇਜ਼ਾਂ ਵਿੱਚ ਵੀ ਕਮੀ ਪੇਸ਼ੀ ਰਹਿ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰਰੋਗਰਾਮ ਤਹਿਤ ਪ੍ਰਸਿੱਧ ਕੋਚਿੰਗ ਏਜੰਸੀ 'ਕ੍ਰਿਤਿਕਾ ਏਜੰਸੀ' ਵੱਲੋਂ ਉਮੀਦਵਾਰਾਂ ਦੀ ਰੋਜ਼ਾਨਾ ਦੋ ਘੰਟੇ ਦੀ ਕਲਾਸ ਲਗਾਈ ਜਾਇਆ ਕਰੇਗੀ। ਇੱਕ ਕਲਾਸ ਵਿੱਚ 50 ਵਿਦਿਆਰਥੀ ਸ਼ਾਮਿਲ ਕੀਤੇ ਜਾਇਆ ਕਰਨਗੇ। 100 ਘੰਟੇ ਦੀ ਕੋਚਿੰਗ ਦੌਰਾਨ ਉਮੀਦਵਾਰਾਂ ਨੂੰ ਅੰਕ ਗਣਿਤ, ਰੀਜ਼ਨਿੰਗ ਤੇ ਚਲੰਤ ਮਾਮਲੇ ਬਾਰੇ ਵਿਸ਼ਾ ਮਾਹਿਰਾਂ ਵੱਲੋਂ ਪੜਾਈ ਕਰਵਾਈ ਜਾਇਆ ਕਰੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਇੰਟਰਵਿਊ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੇ ਹਰੇਕ ਜ਼ਿਲ੍ਹੇ ਵਿੱਚ ਇੰਟਰਵਿਊ ਅਤੇ ਬਾਇਓਡਾਟਾ ਆਦਿ ਤਿਆਰ ਕਰਾਉਣ ਲਈ ਮਾਹਿਰਾਂ ਨੂੰ ਤਾਇਨਾਤ ਕੀਤਾ ਹੋਇਆ ਹੈ। ਨੌਜਵਾਨਾਂ ਦੀ ਸਖ਼ਸ਼ੀਅਤ ਉਸਾਰੀ (ਪ੍ਰਸਨੈਲਟੀ ਡਿਵੈੱਲਪਮੈਂਟ) ਵਿੱਚ ਵੀ ਸਹਾਇਤਾ ਕੀਤੀ ਜਾ ਰਹੀ ਹੈ।

ਅਗਰਵਾਲ ਨੇ ਹੋਰ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਲੈਣ ਲਈ ਮਿਤੀ 9 ਅਕਤੂਬਰ ਨੂੰ ਸਵੇਰੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ, ਸਾਹਮਣੇ ਸੰਗੀਤ ਸਿਨੇਮਾ, ਸਤਿਗੁਰੂ ਪ੍ਰਤਾਪ ਚੌਕ, ਲੁਧਿਆਣਾ ਵਿਖੇ ਵੱਡੀ ਗਿਣਤੀ ਵਿੱਚ ਪੁੱਜਣ। ਅਗਰਵਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਮੁਕਾਬਲੇ ਦੀ ਪ੍ਰਰੀਖਿਆ ਦੀ ਤਿਆਰੀ ਲਈ ਬਿਊਰੋ ਦਫ਼ਤਰ ਵਿਖੇ ਲਾਇਬਰੇਰੀ ਤੇ ਇੰਟਰਨੈੱਟ ਦਾ ਮੁਫ਼ਤ ਲਾਹਾ ਲੈ ਸਕਦੇ ਹਨ।

ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਪ੍ਰਯਾਂਸ਼ ਜੈਨ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਇਸ ਪ੍ਰਰੋਗਰਾਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਮੁਫ਼ਤ ਸਟੱਡੀ ਮਟੀਰੀਅਲ ਮੁਹੱਈਆ ਕਰਵਾਉਣਗੇ। ਜੋ ਵਿਦਿਆਰਥੀ ਵਧੀਆ ਤਰੀਕੇ ਨਾਲ ਪੜਾਈ ਕਰਨਗੇ ਉਨ੍ਹਾਂ ਨੂੰ 100 ਘੰਟੇ ਦੇ ਕੋਰਸ ਤੋਂ ਬਾਅਦ ਵੀ ਮੁਫ਼ਤ ਆਨਲਾਈਨ ਸਟੱਡੀ ਕਰਵਾਈ ਜਾਵੇਗੀ। ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਏਜੰਸੀ ਵੱਲੋਂ ਵਜ਼ੀਫਾ ਤੇ ਪ੍ਰਸੰਸ਼ਾ ਪੱਤਰ ਵੀ ਦਿੱਤੇ ਜਾਣਗੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਸੀਈਓ ਬਿਊਰੋ ਦਫ਼ਤਰ ਨੀਰੂ ਕਤਿਆਲ ਗੁਪਤਾ, ਡਿਪਟੀ ਡਾਇਰੈਕਟਰ ਮੀਨਾਕਸ਼ੀ ਸ਼ਰਮਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਨਵਦੀਪ ਸਿੰਘ ਡਿਪਟੀ ਸੀਈਓ, ਕਰੀਅਰ ਕੌਂਸਲਰ ਡਾ. ਨਿਧੀ ਸਿੰਘ ਤੇ ਹੋਰ ਵੀ ਹਾਜ਼ਰ ਸਨ।