ਲੋਕ ਸੰਘਰਸ਼ ਕਮੇਟੀ ਤੇ ਦੁਕਾਨਦਾਰ ਯੂਨੀਅਨ ਨੇ ਜਾਂਚ ਦੀ ਕੀਤੀ ਮੰਗ

ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਪੰਜਾਬ ਦੇ ਲੋੜਵੰਦ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਸਹਾਇਤਾ ਸਕੀਮਾਂ ਸਹੀ ਹੱਥਾਂ 'ਚ ਜਾ ਰਹੀਆਂ ਹਨ, ਇਸ ਦੀ ਕਦੇ ਵੀ ਸਰਕਾਰਾਂ ਨੇ ਛਾਣਬੀਣ ਹੀ ਨਹੀ ਕੀਤੀ। ਭਾਂਵੇ ਕਿ ਵੈੱਲਫੇਅਰ ਸਕੀਮਾਂ 'ਤੇ ਹੱਕ ਸਿਰਫ਼ ਪੰਜਾਬ ਦੇ ਲੋੜਵੰਦ ਤੇ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਦਾ ਹੀ ਬਣਦਾ ਹੈ ਪਰ ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਇਸ ਦਾ ਲਾਹਾ ਵੱਡੇ ਪੱਧਰ 'ਤੇ ਗੈਰ ਲੋੜਵੰਦ ਲੋਕਾਂ ਦੇ ਵੀ ਲੈਣ ਦੀ ਸੰਭਾਵਨਾ ਹੈ। ਉੱਥੇ ਹੀ ਲੋਕ ਸੰਘਰਸ਼ ਕਮੇਟੀ ਤੇ ਦੁਕਾਨਦਾਰ ਯੂਨੀਅਨ ਨੇ ਸਰਕਾਰ ਤੋਂ ਇਨ੍ਹਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਵੱਡੀ ਜਾਇਦਾਦਾਂ ਦੇ ਮਾਲਕ ਵੀ ਲੈ ਰਹੇ ਹਨ ਸਕੀਮ ਦਾ ਲਾਭ

ਸੂਤਰਾਂ ਅਨੁਸਾਰ ਇਕ ਡਿਪੂ ਹੋਲਡਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮੇਰੇ ਡਿਪੂ ਦੇ ਰਾਸ਼ਨ ਵੰਡਣ ਵਾਲੀ ਲਿਸਟ 'ਚ ਕਈ ਘਰ ਅਜਿਹੇ ਹਨ ਜੋ ਕਿ ਗਰੀਬੀ ਰੇਖਾ ਵਾਲੇ ਨਾ ਹੋਣ ਦੇ ਬਾਵਜੂਦ ਵੀ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ। ਜੇਕਰ ਹੁਣ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਟਾ ਦਾਲ ਸਕੀਮ ਦੇ ਲਾਭ ਦੀ ਹੀ ਗੱਲ ਕਰੀਏ ਤਾਂ ਇਸ ਦਾ ਲਾਹਾ ਕਈ ਧੜੱਲੇਦਾਰ ਤੇ ਵੱਡੀ ਜਾਇਦਾਦ ਦੇ ਮਾਲਕ ਵੀ ਲੈ ਰਹੇ ਹਨ। ਮਾਛੀਵਾੜਾ ਬਲਾਕ ਤੋਂ ਹੀ ਇੱਕਠੀ ਕੀਤੀ ਜਾਣਕਾਰੀ ਮੁਤਾਬਿਕ ਇਸ ਦਾ ਲੰਬੇ ਸਮੇ ਤੋਂ ਲਾਭ ਲੈਣ ਵਾਲਿਆਂ 'ਚ ਕੁੱਝ ਅਜਿਹੇ ਭੱਦਰ ਪੁਰਸ਼ ਸਰਮਾਏਦਾਰ ਪਰਿਵਾਰ ਵੀ ਨੇ ਜਿਨ੍ਹਾਂ ਦੀ 10 ਤੋਂ 12 ਏਕੜ ਜ਼ਮੀਨ, ਦੋ, ਦੋ ਆਲੀਸ਼ਾਨ ਕੋਠੀਆਂ ਤੇ ਚਾਰ ਪਹੀਆ ਵਾਹਨ ਵੀ ਹਨ। ਇਸ ਦੌਰਾਨ ਕੁੱਝ ਹੋਰ ਅਜਿਹੇ ਵੀ ਲੋਕ ਸਾਹਮਣੇ ਆਏ ਜਿਨ੍ਹਾਂ ਦੇ ਇਕ-ਦੋ ਪਰਿਵਾਰਕ ਮੈਂਬਰ ਲੰਬੇ ਸਮੇ ਤੋਂ ਪੱਕੇ ਤੌਰ 'ਤੇ ਵਿਦੇਸ਼ 'ਚ ਰਹਿ ਰਹੇ ਹਨ ਪਰ ਮਗਰੋਂ ਪਰਿਵਾਰਕ ਮੈਂਬਰ ਉਨ੍ਹਾਂ ਦਾ ਇਸ ਸਕੀਮ ਤਹਿਤ ਅਨਾਜ ਲੰਬੇ ਸਮੇ ਤੋਂ ਲੈ ਕੇ ਖਾ ਰਹੇ ਹਨ, ਜਦਕਿ ਸਬੰਧਤ ਲੋਕਾਂ ਦੇ ਇਸ ਸਕੀਮ ਤੋਂ ਨਾਮ ਤੁਰੰਤ ਕਟਾਏ ਜਾਣੇ ਚਾਹੀਦੇ ਹਨ।

ਸਕੀਮ ਦਾ ਨਾਜਾਇਜ਼ ਲਾਭ ਲੈਣ ਵਾਲਿਆਂ 'ਤੇ ਕਾਰਵਾਈ ਕਰੇ ਸਰਕਾਰ

ਮਾਛੀਵਾੜਾ ਬਲਾਕ ਦੇ 90 ਪਿੰਡਾਂ 'ਚ ਇਸ ਸਕੀਮ ਦੇ ਤਹਿਤ ਲਾਭ ਲੈਣ ਵਾਲੇ ਲੋਕਾਂ ਦੀ ਗਿਣਤੀ 13 ਹਜ਼ਾਰ ਹੈ। ਉਪਰੋਕਤ ਲੋਕਾਂ ਦੀ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਕਿਵੇ ਘੱਟ ਹੈ। ਇਸ ਸਕੀਮ ਦਾ ਗੈਰ ਕਾਨੂੰਨੀ ਲਾਹਾ ਲੈਣ ਵਾਲਿਆਂ 'ਚ ਕਈ ਅਜਿਹੇ ਗੈਰ ਲੋੜਵੰਦ ਪਰਿਵਾਰ ਵੀ ਦੇਖੇ ਗਏ ਜਿਹੜੇ ਆਪਣੇ ਰਾਜਨੀਤਿਕ ਰਸੂਖ਼ ਨਾਲ ਵੋਟਤੰਤਰ ਦੇ ਦਮ 'ਤੇ ਇਸ ਸਕੀਮ ਦਾ ਲਾਭ ਲੈਣ 'ਚ ਸਫ਼ਲ ਹੋ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਸਕੀਮ ਦਾ ਨਾਜਾਇਜ਼ ਲਾਭ ਲੈਣ ਵਾਲਿਆਂ 'ਤੇ ਕਦੋਂ ਸਿਕੰਜਾ ਕੱਸੇਗੀ।

ਘਰ-ਘਰ ਰਾਸ਼ਨ ਦੇਣ ਦੀ ਨਵੀਂ ਸਕੀਮ ਤਹਿਤ ਕਾਰਡ ਕੱਟੇ ਜਾਣਗੇ : ਉੱਚ ਅਧਿਕਾਰੀ

ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕਰਨ 'ਤੇ ਵਿਭਾਗੀ ਅਫ਼ਸਰਾਂ ਦਾ ਕਹਿਣਾ ਸੀ ਕਿ ਇਹ ਕਾਰਡ ਉੱਚ ਅਧਿਕਾਰੀਆ ਨੇ ਪੂਰੀ ਛਾਣਬੀਣ ਕਰਨ ਉਪਰੰਤ ਹੀ ਲੋੜਵੰਦ ਲੋਕਾਂ ਦੇ ਬਣਾਏ ਗਏ ਹਨ ਪਰ ਫਿਰ ਵੀ ਜੇਕਰ ਕੁਝ ਚਲਾਕੀ ਵਾਲੇ ਢੰਗ ਨਾਲ ਬਣੇ ਵੀ ਹਨ ਤਾਂ ਹੁਣ ਘਰ-ਘਰ ਰਾਸ਼ਨ ਦੇਣ ਦੀ ਨਵੀਂ ਸਕੀਮ ਤਹਿਤ ਜਾਂਚ ਤੋ ਬਾਅਦ ਕੱਟੇ ਜਾਣਗੇ।

ਇਸ ਸਬੰਧੀ ਲੋਕ ਸੰਘਰਸ਼ ਕਮੇਟੀ ਦੇ ਸੰਦੀਪ ਸ਼ਰਮਾ ਤੇ ਦੁਕਾਨਦਾਰ ਯੂਨੀਅਨ ਦੇ ਵਿਨਿਤ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸਹਾਇਤਾ ਸਕੀਮਾਂ ਦਾ ਨਾਜਾਇਜ਼ ਤੌਰ 'ਤੇ ਲਾਭ ਲੈਣ ਵਾਲਿਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਸ ਸਕੀਮ 'ਚੋ ਕੱਿਢਆ ਜਾਵੇ ਤੇ ਕੁਝ ਰਹਿੰਦੇ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ 'ਚ ਲਿਆ ਜਾਵੇ ਤਾਂ ਕਿ ਉਨਾਂ੍ਹ ਨੂੰ ਵੀ ਇਸ ਸਹਾਇਤਾ ਸਕੀਮ ਦਾ ਲਾਭ ਮਿਲ ਸਕੇ।

ਆਉਣ ਵਾਲੇ ਦਿਨਾਂ 'ਚ ਹੋਵੇਗੀ ਜਾਂਚ : ਵਿਧਾਇਕ ਦਿਆਲਪੁਰਾ

ਇਸ ਸਬੰਧੀ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਬੰਧੀ ਐਲਾਨ ਕਰ ਦਿੱਤਾ ਹੈ ਜਲਦ ਹੀ ਆਉਣ ਵਾਲੇ ਦਿਨਾਂ 'ਚ ਵਿਭਾਗ ਇਸ ਦੀ ਜਾਂਚ ਕਰਕੇ ਨਾਜਾਇਜ਼ ਤੌਰ 'ਤੇ ਗੈਰ ਲੋੜਵੰਦ ਲੋਕਾਂ ਦੇ ਨਾਮ ਇਸ ਸਕੀਮ ਦੀ ਲਿਸਟ 'ਚੋ ਕੱਟ ਦਿੱਤੇ ਜਾਣਗੇ। ਉਨਾਂ੍ਹ ਕਿਹਾ ਕਿ ਜੇਕਰ ਅਜਿਹਾ ਹੈ ਕਿ ਗੈੇਰ ਲੋੜਵੰਦ ਲੋਕ ਇਸ ਸਕੀਮ ਦਾ ਨਾਜਾਇਜ਼ ਤੌਰ 'ਤੇ ਲਾਭ ਲੈ ਰਹੇ ਹਨ ਤਾਂ ਜਾਂਚ 'ਚ ਸਾਹਮਣੇ ਆ ਜਾਣਗੇ।