ਕੁਲਵਿੰਦਰ ਸਿੰਘ ਰਾਏ, ਖੰਨਾ

ਏਸ਼ਿਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਸਰਕਾਰੀ ਖ਼ਰੀਦ ਏਜੰਸੀ ਮਾਰਕਫੈੱਡ ਵੱਲੋਂ ਤਿੰਨ ਦਿਨਾਂ ਤੋਂ ਕਣਕ ਦੀ ਖ਼ਰੀਦ ਨਹੀਂ ਕੀਤੀ ਗਈ, ਜਿਸ ਨਾਲ ਮੰਡੀ ਨਵੇਂ ਸੰਕਟ ਨੇ ਦਸਤਕ ਦੇ ਦਿੱਤੀ ਹੈ। ਮਾਰਕਫੈੱਡ ਖ਼ਰੀਦ ਨਾ ਕਰਨ ਦਾ ਕਾਰਨ ਮੰਡੀ 'ਚ ਬਾਰਦਾਨੇ ਦੀ ਭਾਰੀ ਕਿੱਲਤ ਦੱਸੀ ਜਾ ਰਹੀ ਹੈ। ਅਜਿਹੇ 'ਚ ਮੰਡੀ 'ਚ ਕਣਕ ਖ਼ਰੀਦ ਤੇ ਲਿਫਟਿੰਗ ਦੀ ਸਮੱਸਿਆ ਵੀ ਆ ਰਹੀ ਹੈ। ਇਸ ਸਮੱਸਿਆ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

----

ਮੰਡੀ ਵਿੱਚ ਕੇਵਲ 63 . 56 ਫੀਸਦ ਹੀ ਲਿਫਟਿੰਗ

ਮਾਰਕੀਟ ਕਮੇਟੀ ਤੋਂ ਪ੍ਰਰਾਪਤ ਅੰਕੜਿਆਂ ਅਨੁਸਾਰ ਖੰਨਾ ਅਨਾਜ਼ ਮੰਡੀ ਤੇ ਸਹਾਇਕ ਮੰਡੀਆਂ 'ਚ ਹੁਣ ਤੱਕ ਕੁੱਲ 854800 ਕੁਇੰਟਲ ਕਣਕ ਦੀ ਖ਼ਰੀਦ ਹੋਈ ਹੈ। ਇਸ 'ਚ 543340 ਕੁਇੰਟਲ ਕਣਕ ਦੀ ਹੀ ਲਿਫਟਿੰਗ ਹੋਈ ਹੈ ਜਦੋਂਕਿ 311460 ਕੁਇੰਟਲ ਕਣਕ ਅਣ-ਲਿਫਟ ਹੈ। ਇਸ ਤਰ੍ਹਾਂ ਮੰਡੀ 'ਚੋਂ 63.56 ਫ਼ੀਸਦੀ ਕਣਕ ਦੀ ਹੀ ਲਿਫਟਿੰਗ ਹੋਈ ਹੈ। ਜਿਸ ਕਰਕੇ ਮੰਡੀ 'ਚ ਫੜ੍ਹ ਭਰ ਚੁੱਕੇ ਹਨ ਤੇ ਕਣਕ ਦੀਆਂ ਬੋਰੀਆਂ ਖੁੱਲ੍ਹੇ ਅਸਮਾਨ ਥੱਲੇ ਪਈਆਂ ਹਨ।

---

ਦੋ ਦਿਨਾਂ ਤੋਂ ਮੰਡੀ 'ਚ ਬੈਠੇ ਕਈ ਕਿਸਾਨ

ਮਾਰਕਫੈੱਡ ਵੱਲੋਂ ਤਿੰਨ ਦਿਨ ਤੋਂ ਫ਼ਸਲ ਦੀ ਖ਼ਰੀਦ ਨਾ ਕਰਨ ਤੇ ਬਾਰਦਾਨੇ ਦੀ ਕਿੱਲਤ ਕਾਰਨ ਕਈ ਕਿਸਾਨ ਦੋ ਦਿਨ ਤੋਂ ਮੰਡੀ 'ਚ ਹੀ ਬੈਠੇ ਹਨ। ਪਿੰਡ ਕਰੌਦੀਆਂ ਦੇ ਕਿਸਾਨ ਇਕਬਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਮੰਡੀ 'ਚ ਕਣਕ ਲੈ ਕੇ ਆਏ ਸਨ ਪਰ ਮਾਰਕਫੈੱਡ ਨੇ ਖ਼ਰੀਦ ਹੀ ਨਹੀਂ ਕੀਤੀ, ਹੁਣ ਜੇਕਰ ਏਜੰਸੀ ਦੇ ਕੋਲ ਬਾਰਦਾਨਾ ਨਹੀਂ ਹੋਵੇਗਾ ਤਾਂ ਇਸ 'ਚ ਉਨ੍ਹਾਂ ਦਾ ਕੀ ਕਸੂਰ ਹੈ? ਉਹ ਤਾਂ ਕੂਪਨ ਮਿਲਣ ਦੇ ਬਾਅਦ ਹੀ ਆਪਣੀ ਫ਼ਸਲ ਨੂੰ ਮੰਡੀ 'ਚ ਲਿਆਏ ਹਨ। ਮੌਸਮ ਖ਼ਰਾਬ ਹੈ ਤੇ ਜੇਕਰ ਮੀਂਹ ਆ ਗਿਆ ਤਾਂ ਉਹ ਕੀ ਕਰਨਗੇ?

----

ਛੇਤੀ ਹੋਵੇਗਾ ਹੱਲ, ਅਧਿਕਾਰੀਆਂ ਨਾਲ ਕੀਤੀ ਗੱਲ : ਰੋਸ਼ਾ

ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਬਾਰਦਾਨੇ ਦੀ ਕਮੀ ਦੀ ਵਜ੍ਹਾ ਕਰਕੇ ਮਾਰਕਫੈੱਡ ਦੀ ਖ਼ਰੀਦ ਰੁਕੀ ਹੋਈ ਹੈ। ਇਸ ਸਬੰਧੀ ਮੰਗਲਵਾਰ ਨੂੰ ਹੀ ਉੱਚ-ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕੀਤੀ ਹੈ। ਮਾਰਕਫੈੱਡ ਦੇ ਹਿੱਸੇ ਦੀ ਕੁੱਝ ਖ਼ਰੀਦ ਦਾ ਕੰਮ ਐੱਫਸੀਆਈ ਨੂੰ ਸੌਂਪ ਦਿੱਤਾ ਗਿਆ ਹੈ। ਛੇਤੀ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ।

----

ਬਾਰਦਾਨੇ ਦੀ ਕਿੱਲਤ ਛੇਤੀ ਹੋਵੇਗੀ ਪੂਰੀ : ਮਨਦੀਪ ਸਿੰਘ

ਮਾਰਕਫੈੱਡ ਖੰਨਾ ਦੇ ਮੈਨੇਜਰ ਮਨਦੀਪ ਸਿੰਘ ਨੇ ਕਿਹਾ ਕਿ ਬਾਰਦਾਨੇ ਦੀ ਕਿੱਲਤ ਹੈ, ਇਹ ਛੇਤੀ ਪੂਰੀ ਹੋਵੇਗੀ। ਐੱਫਸੀਆਈ ਨੇ ਮੰਗਲਵਾਰ ਨੂੰ ਕੁੱਝ ਦੁਕਾਨਾਂ 'ਤੇ ਉਨ੍ਹਾਂ ਦੀ ਥਾਂ ਖ਼ਰੀਦ ਵੀ ਕੀਤੀ ਹੈ। ਮਨਦੀਪ ਸਿੰਘ ਨੇ ਕਿਹਾ ਕਿ ਮੰਡੀ 'ਚ 90 ਫੀਸਦੀ ਖ਼ਰੀਦ ਉਹ ਕਰ ਚੁੱਕੇ ਹਨ। ਐੱਫਸੀਆਈ ਨਾਲ ਮਿਲ ਕੇ ਖ਼ਰੀਦ ਮੁਕੰਮਲ ਕੀਤੀ ਜਾਵੇਗੀ।