ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ

ਦਿ ਲੁਧਿਆਣਾ ਸਹਿਕਾਰੀ ਕੋਆਪਰੇਟਿਵ ਬੈਂਕ ਦੀ ਸ਼ਾਖ਼ਾ ਮਾਛੀਵਾੜਾ ਵਿਖੇ ਕਿਸਾਨਾਂ ਵਲੋਂ ਆਪਣੇ ਫਸਲੀ ਕਰਜ਼ੇ ਦੀ ਅਦਾਇਗੀ ਨਾ ਮਿਲਣ ਕਾਰਨ ਰੋਹ 'ਚ ਆ ਕੇ ਉਨ੍ਹਾਂ ਮਾਛੀਵਾੜਾ-ਸਮਰਾਲਾ ਰੋਡ 'ਤੇ ਧਰਨਾ ਲਗਾ ਚੱਕਾ ਜਾਮ ਕਰ ਦਿੱਤਾ ਅਤੇ ਸਰਕਾਰ ਤੇ ਬੈਂਕ ਪ੍ਰਬੰਧਕਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਸਹਿਕਾਰੀ ਬੈਂਕ 'ਚ 13 ਖੇਤੀਬਾੜੀ ਸਹਿਕਾਰੀ ਸਭਾਵਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨਾਲ 70 ਪਿੰਡਾਂ ਦੇ ਕਰੀਬ 6000 ਤੋਂ ਵੱਧ ਕਿਸਾਨ ਫਸਲੀ ਕਰਜ਼ੇ ਦਾ ਲੈਣ-ਦੇਣ ਕਰਦੇ ਹਨ। ਇਨ੍ਹਾਂ ਸਹਿਕਾਰੀ ਸਭਾਵਾਂ ਨਾਲ ਜੁੜੇ ਸੈਂਕੜੇ ਕਿਸਾਨਾਂ ਵੱਲੋਂ ਆਪਣੀ ਫ਼ਸਲੀ ਕਰਜ਼ੇ ਦੀ ਰਾਸ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਅਗਲੀ ਕਣਕ ਦੀ ਬਿਜਾਈ ਲਈ ਰਾਸ਼ੀ ਲੈਣ ਲਈ ਬੈਂਕ ਆਏ ਸਨ ਪਰ ਅੱਗਿਓਂ ਬੈਂਕ 'ਚ ਸਟਾਫ਼ ਦੀ ਘਾਟ ਤੇ ਕੁਝ ਦਿਨਾਂ ਤੋਂ ਆਨਲਾਈਨ ਸਰਵਰ ਡਾਊਨ ਹੋਣ ਕਾਰਨ ਉਨ੍ਹਾਂ ਨੂੰ ਰਾਸ਼ੀ ਨਹੀਂ ਮਿਲ ਰਹੀ ਸੀ। ਬੈਂਕ 'ਚ ਅਦਾਇਗੀ ਲੈਣ ਲਈ ਖੜ੍ਹੇ ਅਮਰਜੀਤ ਸਿੰਘ ਸਹਿਜੋ ਮਾਜਰਾ, ਰਵਿੰਦਰ ਸਿੰਘ ਰਾਣਵਾਂ, ਮੇਹਰ ਸਿੰਘ, ਦਰਸ਼ਨ ਸਿੰਘ ਤੱਖਰਾਂ, ਨਛੱਤਰ ਸਿੰਘ ਹੇਡੋਂ ਬੇਟ, ਕਮਲਪ੍ਰੀਤ ਹੇਡੋਂ ਬੇਟ, ਰਣਜੀਤ ਸਿੰਘ ਗੜ੍ਹੀ ਤਰਖਾਣਾ, ਨਿਰਮਲ ਸਿੰਘ ਹਸਨਪੁਰ, ਚਰਨਜੀਤ ਸਿੰਘ ਸਰਪੰਚ ਗੜ੍ਹੀ ਸੈਣੀਆਂ ਨੇ ਦੱਸਿਆ ਕਿ ਝੋਨੇ ਦੀ ਫਸਲ ਵੇਚਣ ਤੋਂ ਬਾਅਦ ਕਿਸਾਨਾਂ ਨੇ ਸਹਿਕਾਰੀ ਸਭਾਵਾਂ 'ਚ ਆਪਣੀ ਬਣਦੀ ਰਾਸ਼ੀ 'ਤੇ ਵਿਆਜ ਜਮ੍ਹਾਂ ਕਰਵਾ ਦਿੱਤਾ ਪਰ ਹੁਣ ਜਦੋਂ ਕਣਕ ਦੀ ਬਿਜਾਈ ਲਈ ਉਨ੍ਹਾਂ ਨੂੰ ਆਪਣੇ ਹੱਦ ਕਰਜ਼ੇ 'ਚੋਂ ਪੈਸੇ ਕਢਵਾਉਣ ਆਏ ਤਾਂ ਰੋਜ਼ਾਨਾ ਹੀ ਉਨ੍ਹਾਂ ਨੂੰ ਇਹ ਕਹਿ ਕੇ ਵਾਪਿਸ ਮੋੜ ਦਿੱਤਾ ਜਾਂਦਾ ਹੈ ਕਿ ਕੰਪਿਊਟਰ ਸਿਸਟਮ ਨਹੀਂ ਚੱਲ ਰਿਹਾ ਤੇ ਸਟਾਫ਼ ਵੀ ਘੱਟ ਹੈ ਉਹ ਕੁਝ ਦਿਨ ਬਾਅਦ ਆਉਣ।

ਕਿਸਾਨਾਂ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਸਮਾਂ ਲੰਘਦਾ ਜਾ ਰਿਹਾ ਹੈ ਪਰ ਉਹ ਖੇਤਾਂ 'ਚ ਕੰਮ ਕਰਨ ਦੀ ਬਜਾਏ ਰੋਜ਼ਾਨਾ ਬੈਂਕ ਅੱਗੇ ਕਤਾਰਾਂ 'ਚ ਲੱਗ ਕੇ ਰਾਸ਼ੀ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ ਪਰ ਸਰਕਾਰ ਤੇ ਬੈਂਕ ਪ੍ਰਬੰਧਕਾਂ ਨੂੰ ਕਿਸਾਨਾਂ ਦੀ ਇਹ ਪਰੇਸ਼ਾਨੀ ਨਹੀਂ ਦਿਖਾਈ ਦੇ ਰਹੀ। ਖੇਤੀਬਾੜੀ ਸਹਿਕਾਰੀ ਸਭਾ ਪਵਾਤ ਤੇ ਪੂੰਨੀਆਂ ਦੇ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਆਰਥਿਕ ਮੰਦੀ ਤੇ ਕਰਜ਼ੇ ਦੀ ਮਾਰ 'ਚ ਡੁੁੱਬੀ ਪਈ ਹੈ ਤੇ ਉਪਰੋਂ ਸਮੇਂ ਸਿਰ ਬੈਂਕਾਂ 'ਚੋਂ ਅਦਾਇਗੀ ਨਾ ਹੋਣ ਕਾਰਨ ਉਨ੍ਹਾਂ ਨੂੰ ਜਲੀਲ ਹੋਣਾ ਪੈ ਰਿਹਾ ਹੈ ਕਿਉਂਕਿ ਇਸ ਰਾਸ਼ੀ ਨਾਲ ਉਨ੍ਹਾਂ ਦਾ ਕਣਕ ਦਾ ਬੀਜ, ਦਵਾਈਆਂ ਤੇ ਖਾਦ ਖਰੀਦਣੀ ਹੈ ਤੇ ਦੁਕਾਨਦਾਰਾਂ ਦੇ ਉਧਾਰ ਦੀ ਵਾਪਸ ਕਰਨੀ ਹੈ ਪਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਕਿਨਾਰਾ ਕਰੀ ਬੈਠੀ ਹੈ।

ਸੈਂਕੜੇ ਕਿਸਾਨਾਂ ਵੱਲੋਂ ਅੱਜ ਬੈਂਕ ਦੇ ਬਾਹਰ ਕਰੀਬ 1 ਘੰਟਾ ਧਰਨਾ ਲਗਾ ਸੜਕ 'ਤੇ ਚੱਕਾ ਜਾਮ ਕਰ ਰੱਖਿਆ ਤੇ ਮੌਕੇ 'ਤੇ ਪੁੱਜੇ ਨਾਇਬ ਤਹਿਸੀਲਦਾਰ ਵਿਜੈ ਕੁਮਾਰ, ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਤੇ ਵਿਧਾਇਕ ਦੇ ਪੀਏ ਰਾਜੇਸ਼ ਬਿੱਟੂ ਨੇ ਕਿਸਾਨਾਂ ਨੂੰ ਸਮਝਾਇਆ ਤੇ ਬੈਂਕ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰ ਕੇ ਸਮੱਸਿਆ ਹੱਲ ਕਰਨ ਲਈ ਕਿਹਾ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਇਹ ਧਰਨਾ ਖ਼ਤਮ ਕਰ ਕੇ ਆਵਾਜਾਈ ਬਹਾਲ ਕੀਤੀ।

-ਸਟਾਫ਼ ਦੀ ਕਮੀ ਪੂਰੀ ਕਰਨ ਲਈ ਕੋਸ਼ਿਸ਼ਾਂ ਜਾਰੀ : ਜ਼ਿਲ੍ਹਾ ਬੈਂਕ ਮੈਨੇਜਰ

ਜਿਲ੍ਹਾ ਬੈਂਕ ਮੈਨੇਜਰ ਦਵਿੰਦਰ ਸਿੰਘ ਨੇ ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਕੰਪਿਊਟਰ ਦਾ ਸਰਵਰ ਡਾਊਨ ਹੋਣ ਕਾਰਨ ਕਿਸਾਨਾਂ ਨੂੰ ਅਦਾਇਗੀ ਕਰਨ 'ਚ ਪ੍ਰੇਸ਼ਾਨੀ ਆ ਰਹੀ ਹੈ ਤੇ ਦੂਜਾ ਬੈਂਕਾਂ 'ਚ ਸਟਾਫ਼ ਦੀ ਕਮੀ ਵੀ ਹੈ ਜਿਸ ਸਬੰਧੀ ਕੋਸ਼ਿਸ਼ਾਂ ਜਾਰੀ ਹਨ ਕਿ ਨਵੀਂ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾਛੀਵਾੜਾ ਬੈਂਕ 'ਚ ਕਿਸਾਨਾਂ ਨੂੰ ਜੋ ਸਮੱਸਿਆ ਆ ਰਹੀ ਹੈ ਉਸ ਸਬੰਧੀ ਉਹ ਤੁਰੰਤ ਢੁੱਕਵੇਂ ਪ੍ਰਬੰਧ ਕਰਨਗੇ।