ਸੰਜੀਵ ਗੁਪਤਾ, ਜਗਰਾਓਂ : 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਪਰ ਫਿਰੋਜ਼ਪੁਰ ਦੇ ਪਿੰਡ ਘੱਲ ਕਲਾਂ ਦੇ ਕੱਚੇ ਮਕਾਨਾਂ 'ਚ ਰਹਿੰਦੇ ਪਰਿਵਾਰ ਦੇ 16 ਮੈਂਬਰਾਂ ਨੇ ਅੱਜ ਤਕ ਲਾਟੂ ਦੀ ਰੋਸ਼ਨੀ ਅਤੇ ਪੱਖੇ ਦੀ ਹਵਾ ਤਕ ਨਾ ਆਨੰਦ ਨਾ ਮਾਣਿਆ। ਸੱਤਾਧਾਰੀ ਸਰਕਾਰ ਦੇ ਨੇਤਾ ਮਿਹਰਬਾਨ ਨਾ ਹੋਏ ਜਿਸ 'ਤੇ ਪਾਵਰਕਾਮ ਦੇ ਅਧਿਕਾਰੀਆਂ ਦੇ ਪੈੱਨ ਨੂੰ ਵੀ ਬਰੇਕਾਂ ਲੱਗ ਗਈਆਂ ਅਤੇ ਕਹਾਵਤ ਝੂਠੀ ਪੈ ਗਈ।

ਸਾਲ 13ਵਾਂ ਵੀ ਲੱਗ ਗਿਆ ਪਰ ਇਸ ਪਰਿਵਾਰ ਦੇ ਘਰ ਮੀਟਰ ਨਾ ਲੱਗਿਆ। ਇਹ ਦਰਦ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਉਪ ਆਗੂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਉਸ ਵੇਲੇ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਕੇ ਬਿਆਨ ਕੀਤਾ ਜਦੋਂ ਉਹ ਜਗਰਾਓਂ ਤੋਂ ਫਿਰੋਜ਼ਪੁਰ ਸਾਈਡ ਆਪਣੀ ਰਿਸ਼ਤੇਦਾਰੀ 'ਚ ਕਿਧਰੇ ਜਾ ਰਹੇ ਸਨ ਤਾਂ ਅੱਤ ਦੀ ਗਰਮੀ 'ਚ 7-8 ਬੱਚਿਆਂ ਨੂੰ ਲੈ ਕੇ ਪਰਿਵਾਰ ਸੜਕ ਕੰਢੇ ਰੁੱਖ ਹੇਠਾਂ ਮੰਜੀਆਂ ਡਾਹ ਕੇ ਦਿਨ ਕਟੀ ਕਰ ਰਿਹਾ ਸੀ।

ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਇਸ ਪਿੰਡ ਵਿਚ ਕੱਚੇ ਮਿੱਟੀ ਦੇ ਘਰਾਂ 'ਚ ਰਹਿ ਰਹੇ ਇਸ ਪਰਿਵਾਰ ਦੀ ਹਾਲਤ ਦੇਖ ਕੇ ਪੰਜਾਬ ਦੀ ਕੈਪਟਨ ਸਰਕਾਰ ਦੇ ਚੋਣ ਮੈਨੀਫੈਸਟੋ ਦੇ ਦਾਅਵਿਆਂ 'ਤੇ ਹੱਸਣ ਨੂੰ ਜੀਅ ਕਰਦਾ ਹੈ ਅਤੇ ਇਨ੍ਹਾਂ ਪਰਿਵਾਰਾਂ ਦੀ ਹਾਲਤ ਦੇਖ ਕੇ ਅੱਥਰੂ ਆਪੇ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਕਿਧਰ ਹੈ ਸਰਕਾਰ ਦਾ ਗ਼ਰੀਬਾਂ ਨੂੰ 5-5 ਮਰਲੇ ਪਲਾਟ ਦੇਣ ਦਾ ਵਾਅਦਾ ਅਤੇ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਗ੍ਰਾਂਟਾਂ ਦੇ ਗੱਫੇ? ਇਸ ਪਰਿਵਾਰ ਨੇ ਤਾਂ ਅਜੇ ਤਕ ਬਿਜਲੀ ਕੀ ਹੁੰਦੀ ਹੈ, ਦਾ ਆਨੰਦ ਤਕ ਨਾ ਮਾਣਿਆ। ਪਿਛਲੇ 12 ਸਾਲਾਂ ਤੋਂ ਮੀਟਰ ਲਵਾਉਣ ਲਈ ਹਾੜ੍ਹੇ ਕੱਢ ਰਹੇ ਹਨ ਪਰ ਪਾਵਰਕਾਮ ਦੀ ਪਾਵਰ ਇਨ੍ਹਾਂ ਪਰਿਵਾਰਾਂ ਲਈ ਸ਼ਾਇਦ ਨਹੀਂ ਬਣੀ।

ਹਾਲਾਤ ਇਹ ਹਨ ਕਿ ਨਿੱਕੇ ਨਿੱਕੇ ਲਾਲ ਜੋ ਪੰਜਾਬ ਦਾ ਭਵਿੱਖ ਹਨ, ਜੰਮਦੇ ਤੋਂ ਲੈ ਕੇ ਹੁਣ ਤਕ ਰੱਬ ਦੇ ਰਹਿਮੋ ਕਰਮ 'ਤੇ ਨੀਲੇ ਅਸਮਾਨ ਹੇਠ ਹੀ ਗਰਮੀਆਂ ਦੇ ਦਿਨ ਅਤੇ ਰਾਤਾਂ ਗੁਜ਼ਾਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਪਰਿਵਾਰ ਦੀ ਦਰਦਨਾਕ ਜੀਵਨ ਗਾਥਾ ਦਾ ਦਰਦ ਵਿਧਾਨ ਸਭਾ ਤਕ ਲੈ ਕੇ ਜਾਣ ਅਤੇ ਮੀਟਰ ਲਗਵਾਉਣ ਦੇ ਨਾਲ-ਨਾਲ ਬਣਦੀਆਂ ਸਹੂਲਤਾਂ ਦਿਵਾਉਣ ਲਈ ਹਰ ਹੀਲਾ ਕਰਨਗੇ।