ਗੌਰਵ ਕੁਮਾਰ ਸਲੂਜਾ, ਲੁਧਿਆਣਾ : ਮਾਰਕੀਟ ਕਮੇਟੀ ਦੇ ਨਵ -ਨਿਯੁਕਤ ਸਕੱਤਰ ਟੇਕ ਬਹਾਦਰ ਅਤੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਵੱਲੋਂ ਅੱਜ ਸਵੇਰੇ ਆਪਣੀ ਟੀਮ ਨੂੰ ਲੈ ਕੇ ਲੁਧਿਆਣਾ ਜਲੰਧਰ ਬਾਈਪਾਸ ਬਹਾਦੁਰ ਕੇ ਰੋਡ ਸਬਜ਼ੀ ਮੰਡੀ ਦਾ ਦੌਰਾ ਕੀਤਾ। ਮੰਡੀ ਵਿੱਚ ਕੰਮ ਕਰ ਰਹੇ ਆੜ੍ਹਤੀਆਂ ਦੇ ਦਸਤਾਵੇਜ਼ ਦੀ ਚੈਕਿੰਗ ਕਰਦਿਆਂ ਉਨ੍ਹਾਂ ਤੋਂ ਕਈ ਮਹੀਨਿਆਂ ਦਾ ਰਿਕਾਰਡ ਵੀ ਮੰਗਿਆ ਗਿਆ। ਇੱਥੋਂ ਤਕ ਕਿ ਮੰਡੀ ਵਿਚ ਨਾ ਵਿਕੀਆਂ ਦੁਕਾਨਾਂ ਅਤੇ ਫੁੱਟਪਾਥ ਸੜਕਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਵੀ ਧਿਆਨ ਚ ਲਿਆਂਦੇ ਹੋਏ ਸੁਪਰਵਾਈਜ਼ਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਹੁਕਮ ਜਾਰੀ ਕੀਤੇ। ਆੜ੍ਹਤੀਆਂ ਵੱਲੋਂ ਮੰਗਾਈ ਗਈ ਜਿਣਸ ਦੀ ਫੀਸ ਨਾ ਭਰਨ ਅਤੇ ਫੜੀਆਂ ਵਾਲਿਆਂ ਵੱਲੋਂ ਨਾਜਾਇਜ਼ ਕਬਜ਼ੇ ਕਰ ਕੇ ਸਬਜ਼ੀ ਵੇਚਣ ਅਤੇ ਮਾਰਕੀਟ ਕਮੇਟੀ ਪਰਚੀ ਨਾ ਕਟਵਾਉਣ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਦਾ ਮਾਲ ਵੀ ਜ਼ਬਤ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਨੇ ਦੱਸਿਆ ਕਿ ਸਮੇਂ ਸਮੇਂ ਸਿਰ ਮੰਡੀ ਦੀ ਚੈਕਿੰਗ ਕੀਤੀ ਜਾਂਦੀ ਹੈ। ਉਸ ਦੇ ਸਬੰਧ ਵਿੱਚ ਹੀ ਅੱਜ ਨਵ ਨਿਯੁਕਤ ਸਕੱਤਰ ਟੇਗ ਬਹਾਦਰ ਨਾਲ ਸਬਜ਼ੀ ਮੰਡੀ ਦਾ ਦੌਰਾ ਕਰ ਕੇ ਆੜ੍ਹਤੀਆਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਹਨ। ਮਾਰਕੀਟ ਕਮੇਟੀ ਦੀ ਪਰਚੀ ਨਾ ਕਟਵਾਉਣ ਤੇ 56 ਆਲੂ ਦੇ ਬੋਰੇ ਜ਼ਬਤ ਕਰ ਲਏ ਗਏ ਜੋ ਕਿ ਜੁਰਮਾਨਾ ਭਰਨ ਤੋਂ ਬਾਅਦ ਛੱਡੇ ਜਾਣਗੇ।

Posted By: Tejinder Thind