ਰਾਜੇਸ਼ ਸ਼ਰਮਾ, ਲੁਧਿਆਣਾ : ਜੇਕਰ ਤੁਹਾਡੇ ਡਰਾਈਵਿੰਗ ਲਾਇਸੰਸ (ਡੀਐੱਲ) ਦੀ ਮਿਆਦ ਖ਼ਤਮ ਹੋ ਚੁੱਕੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਨਵੇਂ ਨਿਯਮਾਂ ਅਨੁਸਾਰ ਇਕ ਸਾਲ ਅੰਦਰ ਰੀਨਿਊ ਨਹੀਂ ਕਰਵਾਇਆ ਤਾਂ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ ਫਿਰ ਲਰਨਿੰਗ ਲਾਇਸੰਸ ਬਣਵਾ ਕੇ ਨਵੇਂ ਸਿਰੇ ਤੋਂ ਸਾਰੀ ਪ੍ਰਕਿਰਿਆ 'ਚੋਂ ਲੰਘਣਾ ਪਵੇਗਾ। ਸਪੱਸ਼ਟ ਸਥਿਤੀ ਇਹ ਹੈ ਕਿ ਮਿਆਦ ਖ਼ਤਮ ਹੋਣ ਤੋਂ ਇਕ ਸਾਲ ਅੰਦਰ ਦਸਤਾਵੇਜ਼ ਰੀਨਿਊ ਕਰਵਾਉਣਾ ਜ਼ਰੂਰੀ ਹੈ।

ਜੇਕਰ ਇਕ ਸਾਲ ਦੀ ਮਿਆਦ ਲੰਘ ਜਾਂਦੀ ਹੈ ਤਾਂ ਨਵੇਂ ਸਿਰਿਓਂ ਲਰਨਿੰਗ ਲਾਇਸੰਸ ਬਣਵਾ ਕੇ ਸ਼ੁਰੂਆਤ ਕਰਨੀ ਪਵੇਗੀ, ਜੋ ਛੇ ਮਹੀਨੇ ਲਈ ਵੈਲਿਡ ਹੋਵੇਗਾ। ਜੇਕਰ ਬਿਨੈਕਾਰ ਚਾਹੇ ਤਾਂ ਇਕ ਮਹੀਨੇ ਬਾਅਦ ਵੀ ਡੀਐੱਲ ਲਈ ਅਰਜ਼ੀ ਦੇ ਸਕਦਾ ਹੈ। ਇਸ ਲਈ ਲਰਨਿੰਗ ਲਾਇਸੰਸ ਤੋਂ ਪਹਿਲਾਂ ਟੈਬ ਟੈਸਟ ਤੇ ਬਾਅਦ 'ਚ ਡਰਾਈਵਿੰਗ ਲਾਇਸੰਸ ਲਈ ਡਰਾਈਵਿੰਗ ਟਰਾਇਲ ਟਰੈਕ ਪ੍ਰਕਿਰਿਆ ਪੂਰੀ ਕਰਨੀ ਜ਼ਰੂਰੀ ਹੈ। ਬਿਨੈਕਾਰ ਦਾ ਪਹਿਲਾ ਲਾਇਸੰਸ ਰੱਦ ਹੋ ਜਾਵੇਗਾ ਅਤੇ ਵਿਭਾਗ ਵੱਲੋਂ ਨਵਾਂ ਡਰਾਈਵਿੰਗ ਲਾਇਸੰਸ ਜਾਰੀ ਕੀਤਾ ਜਾਵੇਗਾ।

ਜੁਰਮਾਨੇ ਨਾਲ ਡੀਐੱਲ ਰੀਨਿਊ ਕਰਾਉਣ ਦਾ ਨਿਯਮ ਖ਼ਤਮ

ਨਵਾਂ ਨਿਯਮ ਪਹਿਲੀ ਸਤੰਬਰ ਤੋਂ ਲਾਗੂ ਹੋ ਗਿਆ ਹੈ। ਪੁਰਾਣੇ ਨਿਯਮ ਤਹਿਤ ਜੇਕਰ ਕਿਸੇ ਬਿਨੈਕਾਰ ਦੇ ਡੀਐੱਲ ਦੀ ਮਿਆਦ ਖ਼ਤਮ ਹੋ ਜਾਂਦੀ ਸੀ ਤਾਂ ਇਕ ਮਹੀਨੇ 'ਚ ਉਹ ਬਿਨਾਂ ਕਿਸੇ ਜੁਰਮਾਨੇ ਦੇ ਰੀਨਿਊ ਕਰਵਾ ਸਕਦਾ ਸੀ। ਜੇਕਰ ਰੀਨਿਊ ਨਾ ਕਰਵਾਇਆ ਜਾਵੇ ਤਾਂ ਇਕ ਸਾਲ ਅੰਦਰ ਇਕ ਹਜ਼ਾਰ ਰੁਪਏ ਜੁਰਮਾਨਾ ਭਰ ਕੇ ਦਸਤਾਵੇਜ਼ ਦਾ ਨਵੀਨੀਕਰਨ ਕਰਵਾਇਆ ਜਾ ਸਕਦਾ ਸੀ।

ਡੀਐੱਲ ਦੇ ਨਵੀਨੀਕਰਨ ਦੀ ਪ੍ਰਕਿਰਿਆ ਪਹਿਲਾਂ ਕਾਫ਼ੀ ਸਰਲ ਸੀ, ਕਿੰਨੇ ਸਾਲ ਬਾਅਦ ਵੀ ਬਿਨੈਕਾਰ ਲਾਇਸੰਸ ਰੀਨਿਊ ਕਰਵਾ ਸਕਦਾ ਸੀ। ਇਸ ਲਈ ਉਸ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨਾ ਪੈਂਦਾ ਸੀ।